ਲਾਹੌਰ ਨੂੰ ਪਛਾੜ ਕੇ ਦਿੱਲੀ ਬਣੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਨੂੰ ਪਛਾੜ ਕੇ ਦਿੱਲੀ ਬਣੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਨਵੀਂ ਦਿੱਲੀ : ਭਾਰਤ ਦੀ ਰਾਜਧਾਨੀ ਦਿੱਲੀ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਲਾਹੌਰ ਸ਼ਹਿਰ ਨੂੰ ਪਛਾੜਦਿਆਂ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਈ ਹੈ। ਲਗਭਗ ਦੋ ਕਰੋੜ ਦੀ ਆਬਾਦੀ ਵਾਲੇ ਇਸ ਮਹਾਨਗਰ ਵਿੱਚ ਹਵਾ ਦੀ ਗੁਣਵੱਤਾ ‘ਖ਼ਤਰਨਾਕ’ ਪੱਧਰ ਤੱਕ ਡਿੱਗ ਗਈ ਹੈ ਅਤੇ ਸੰਘਣੀ ਜ਼ਹਿਰੀਲੀ ਧੁੰਦ (ਸਮੌਗ) ਦੀ ਚਾਦਰ ਵਿਛ ਜਾਣ ਕਾਰਨ ਦਿਸਣ ਹੱਦ (ਵਿਜ਼ੀਬਿਲਟੀ) ਬੇਹੱਦ ਘਟ ਗਈ ਹੈ। ਸਵੇਰ ਵੇਲੇ ਮੁੱਖ ਸੜਕਾਂ ’ਤੇ ਗੱਡੀਆਂ ਅਤੇ ਮੋਟਰਸਾਈਕਲ ਸੰਘਣੇ ਧੂੰਏਂ ਵਿੱਚੋਂ ਨਿਕਲਦੇ ਦਿਖਾਈ ਦਿੱਤੇ, ਜਿੱਥੇ ਸਟਰੀਟ ਲਾਈਟਾਂ ਦੀ ਰੌਸ਼ਨੀ ਵੀ ਮੱਧਮ ਪੈ ਗਈ ਸੀ। ‘ਆਈਕਿਊਏਅਰ’ (IQAir) ਦੇ ਤਾਜ਼ਾ ਅੰਕੜਿਆਂ ਮੁਤਾਬਕ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 334 ਦਰਜ ਕੀਤਾ ਗਿਆ, ਜੋ ਕਿ ‘ਖ਼ਤਰਨਾਕ’ (Hazardous) ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਪੱਧਰ ਨਾਲ ਦਿੱਲੀ ਨੇ ਆਲਮੀ ਪੱਧਰ ’ਤੇ ਪ੍ਰਮੁੱਖ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 50 ਤੱਕ ਦੇ ਏਕਿਊਆਈ ਪੱਧਰ ਨੂੰ ਹੀ ਸਿਹਤ ਲਈ ਸੁਰੱਖਿਅਤ ਅਤੇ ਚੰਗਾ ਮੰਨਿਆ ਜਾਂਦਾ ਹੈ। ਦੂਜੇ ਪਾਸੇ, ਭਾਰਤ ਦੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਦਿੱਲੀ ਦੀ ਹਵਾ ਦਾ ਪੱਧਰ ਇਸ ਤੋਂ ਵੀ ਵੱਧ 403 ਦਰਜ ਕਰਦਿਆਂ ਇਸ ਨੂੰ ‘ਬੇਹੱਦ ਗੰਭੀਰ’ (Severe) ਸ਼੍ਰੇਣੀ ਵਿੱਚ ਰੱਖਿਆ ਹੈ। ਮਾਹਿਰਾਂ ਅਨੁਸਾਰ ਸਵਿਸ ਅਤੇ ਭਾਰਤੀ ਮਾਪਦੰਡਾਂ ਦੇ ਅੰਕੜਿਆਂ ਵਿੱਚ ਇਹ ਅੰਤਰ ਹਵਾ ਪ੍ਰਦੂਸ਼ਣ ਨੂੰ ਮਾਪਣ ਅਤੇ ਵਰਗੀਕ੍ਰਿਤ ਕਰਨ ਲਈ ਵਰਤੇ ਜਾਂਦੇ ਵੱਖ-ਵੱਖ ਤਰੀਕਿਆਂ ਅਤੇ ਪੈਮਾਨਿਆਂ ਕਾਰਨ ਦੇਖਣ ਨੂੰ ਮਿਲਦਾ ਹੈ। ਜ਼ਿਕਰਯੋਗ ਹੈ ਕਿ ਉੱਤਰੀ ਭਾਰਤ ਅਤੇ ਗੁਆਂਢੀ ਮੁਲਕ ਪਾਕਿਸਤਾਨ ਦੇ ਵੱਡੇ ਹਿੱਸਿਆਂ ਵਿੱਚ ਸਰਦੀਆਂ ਦੀ ਆਮਦ ਨਾਲ ਹਵਾ ਪ੍ਰਦੂਸ਼ਣ ਇੱਕ ਗੰਭੀਰ ਮੌਸਮੀ ਸਮੱਸਿਆ ਬਣ ਜਾਂਦਾ ਹੈ। ਠੰਢੀ ਅਤੇ ਭਾਰੀ ਹਵਾ ਕਾਰਨ ਵਾਹਨਾਂ ਦਾ ਧੂੰਆਂ, ਉਸਾਰੀ ਕਾਰਜਾਂ ਦੀ ਧੂੜ ਅਤੇ ਪਰਾਲੀ ਸਾੜਨ ਦਾ ਧੂੰਆਂ ਵਾਤਾਵਰਨ ਦੀ ਹੇਠਲੀ ਸਤਹਿ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ, ਜਿਸ ਨਾਲ ਆਮ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ।

Share: