ਬਠਿੰਡਾ : ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਖਾਦ ਕੰਪਨੀਆਂ ਵੱਲੋਂ ਐੱਨਪੀਕੇ ਖਾਦ ਦੀਆਂ ਕੀਮਤਾਂ ਵਿੱਚ ਮੁੜ ਕੀਤੇ ਵਾਧੇ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਦੂਜੀ ਵਾਰ ਕੀਮਤ ਵਧਾਉਂਦਿਆਂ ਐੱਨਪੀਕੇ (12:32:16) ਖਾਦ ਦੇ 50 ਕਿੱਲੋ ਵਾਲੇ ਗੱਟੇ ਦੀ ਕੀਮਤ 2250 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਕਿਸਾਨਾਂ ਨੂੰ ਹੁਣ ਹਰੇਕ ਗੱਟੇ ਪਿੱਛੇ 250 ਰੁਪਏ ਵਾਧੂ ਖਰਚਣੇ ਪੈਣਗੇ, ਜਦੋਂਕਿ ਪ੍ਰਤੀ ਕੁਇੰਟਲ ਕੀਮਤ ਵਿੱਚ 500 ਰੁਪਏ ਦਾ ਵਾਧਾ ਹੋਇਆ ਹੈ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਖਾਦ ਦੀਆਂ ਵਧੀਆਂ ਕੀਮਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਗਸਤ ਮਹੀਨੇ ਵਿੱਚ ਵੀ ਖਾਦ ਕੰਪਨੀਆਂ ਨੇ ਪਿਛਲੇ ਸਾਲ 2025 ਦੇ ਮੁਕਾਬਲੇ ਐੱਨਪੀਕੇ ਖਾਦ ਦੀ ਕੀਮਤ ਵਿੱਚ ਪ੍ਰਤੀ ਕੁਇੰਟਲ 1100 ਰੁਪਏ ਦਾ ਵਾਧਾ ਕੀਤਾ ਸੀ। ਹੁਣ ਨਵੰਬਰ ਮਹੀਨੇ ਵਿੱਚ ਮੁੜ ਪ੍ਰਤੀ ਕੁਇੰਟਲ 500 ਰੁਪਏ ਕੀਮਤ ਵਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਖਾਦਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ ਕਿਸਾਨਾਂ ਦੀ ਆਰਥਿਕਤਾ ’ਤੇ ਮਾੜਾ ਅਸਰ ਪਾ ਰਿਹਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਵਿੱਚ ਕਿਸਾਨਾਂ ਵੱਲੋਂ ਡੀਏਪੀ ਦੇ ਮੁਕਾਬਲੇ ਐੱਨਪੀਕੇ ਖਾਦ ਦੀ ਵੀ ਵੱਡੀ ਮਾਤਰਾ ਵਿੱਚ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਵੀ ਡੀਏਪੀ ਦੀ ਘਾਟ ਕਾਰਨ ਕਿਸਾਨ ਕਣਕ ਦੀ ਬਿਜਾਈ ਲਈ ਐੱਨਪੀਕੇ ਦੇ 12:32:16 ਗਰੇਡ ਦੀ ਵਰਤੋਂ ਕਰ ਰਹੇ ਹਨ। ਅਜਿਹੇ ਸਮੇਂ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਕਿਸਾਨਾਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰੇਗਾ। ਸਰੂਪ ਸਿੰਘ ਰਾਮਾ ਨੇ ਕਿਹਾ ਕਿ ਖਾਦਾਂ ਦੀਆਂ ਕੀਮਤਾਂ ਵਿੱਚ ਸਾਲ ਦਰ ਸਾਲ ਹੋ ਰਹੇ ਵਾਧੇ ਕਾਰਨ ਖੇਤੀ ਦੀ ਲਾਗਤ ਲਗਾਤਾਰ ਵਧ ਰਹੀ ਹੈ, ਪਰ ਇਸ ਦੇ ਮੁਕਾਬਲੇ ਫ਼ਸਲਾਂ ਦੇ ਭਾਅ ਵਿੱਚ ਮਾਮੂਲੀ ਵਾਧਾ ਕੀਤਾ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਦੀ ਆਮਦਨ ਅਤੇ ਖੇਤੀ ਦੀ ਆਰਥਿਕਤਾ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਖਾਦਾਂ ’ਤੇ ਦਿੱਤੀ ਜਾਂਦੀ ਸਬਸਿਡੀ ਵਿੱਚ ਵਾਧਾ ਕੀਤਾ ਜਾਵੇ ਅਤੇ ਕੀਮਤਾਂ ਨੂੰ ਕੰਟਰੋਲ ਕਰਨ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਕਿਸਾਨਾਂ ਦੇ ਖੇਤੀ ਲਾਗਤ ਖਰਚੇ ਘਟਾਏ ਜਾ ਸਕਣ।

