ਨਵੀਂ ਦਿੱਲੀ : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ ਮੰਗਲਵਾਰ ਸਵੇਰੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ, ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੁਝ ਰਾਹਤ ਵੇਖਣ ਨੂੰ ਮਿਲੀ ਹੈ ਅਤੇ ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 307 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਐਤਵਾਰ ਨੂੰ ਮਨਾਈ ਗਈ ਦੀਵਾਲੀ ਤੋਂ ਬਾਅਦ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜ ਗਈ ਸੀ। ਤਾਪਮਾਨ ਵਿੱਚ ਗਿਰਾਵਟ ਅਤੇ ਦਰਮਿਆਨੀ ਧੁੰਦ ਕਾਰਨ ਲਗਾਤਾਰ ਬਣਿਆ ਪ੍ਰਦੂਸ਼ਣ ਹੋਰ ਗੰਭੀਰ ਹੋ ਗਿਆ ਹੈ। ਦਿੱਲੀ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਪਾਣੀ ਦੇ ਛਿੜਕਾਅ ਵਾਲੇ ਸਪ੍ਰਿੰਕਲਰਾਂ ਦੀ ਵਰਤੋਂ ਕਰ ਕੇ ਧੂੜ-ਕਣਾਂ (Particulate Matter) ਦੇ ਪ੍ਰਭਾਵ ਨੂੰ ਘਟਾਉਣ ਲਈ ਪ੍ਰਦੂਸ਼ਣ ਰੋਕੂ ਉਪਾਅ ਕੀਤੇ ਜਾ ਰਹੇ ਹਨ।
ਚਾਂਦਨੀ ਚੌਂਕ ਵਿੱਚ ਰਾਜਧਾਨੀ ਦਾ ਸਭ ਤੋਂ ਵੱਧ ਏਅਰ ਕੁਆਲਿਟੀ ਇੰਡੈਕਸ 395 (‘ਬਹੁਤ ਖ਼ਰਾਬ’ ਸ਼੍ਰੇਣੀ) ਦਰਜ ਕੀਤਾ ਗਿਆ, ਇਸ ਤੋਂ ਬਾਅਦ ਪੰਜਾਬੀ ਬਾਗ ਵਿੱਚ 355 ਅਤੇ ਅਇਆ ਨਗਰ ਵਿੱਚ 354 ਦਰਜ ਹੋਇਆ, ਜੋ ਕਿ ਉਸੇ ਸ਼੍ਰੇਣੀ ਵਿੱਚ ਹਨ। ਆਰ ਕੇ ਪੁਰਮ ਵਿੱਚ 328 ਏਕਿਊਆਈ ਦਰਜ ਕੀਤਾ ਗਿਆ, ਜੋ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਸਫ਼ਦਰਜੰਗ ਖੇਤਰ ਦੇ ਆਸ-ਪਾਸ ਏਕਿਊਆਈ 371 ਦਰਜ ਕੀਤਾ ਗਿਆ, ਜੋ ਕਿ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਹੈ।
ਆਨੰਦ ਵਿਹਾਰ ਅਤੇ ਅਸ਼ੋਕ ਵਿਹਾਰ ਵਿੱਚ ਏਕਿਊਆਈ ਕ੍ਰਮਵਾਰ 290 ਅਤੇ 278 ਰਿਹਾ, ਜੋ ‘ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ।
ਨਰੇਲਾ ਵਿੱਚ ਏਕਿਊਆਈ 272 (‘ਖ਼ਰਾਬ’ ਸ਼੍ਰੇਣੀ) ਦਰਜ ਕੀਤਾ ਗਿਆ, ਜਦਕਿ ਇੰਡੀਆ ਗੇਟ ਅਤੇ ਕਰਤੱਵਿਆ ਪਥ ’ਤੇ ਇਹ 258 (‘ਖ਼ਰਾਬ’ ਸ਼੍ਰੇਣੀ) ਰਿਹਾ।
ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਦਿੱਲੀ ਵਿੱਚ ਸਵੇਰ ਦਾ ਤਾਪਮਾਨ 17.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਨਾਲ ਹੀ ਦਰਮਿਆਨੀ ਧੁੰਦ ਛਾਈ ਰਹੀ। ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਤੱਕ ਦਰਮਿਆਨੀ ਧੁੰਦ ਬਕਰਾਰ ਰਹਿਣ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੇ ਨਾਲ ਹੀ ਸੀਪੀਸੀਬੀ (CPCB) ਅਨੁਸਾਰ ਹਰਿਆਣਾ ਦੇ ਅੰਬਾਲਾ ਵਿੱਚ ਔਸਤ ਏਅਰ ਕੁਆਲਿਟੀ ਇੰਡੈਕਸ 250 ਦਰਜ ਕੀਤਾ ਗਿਆ, ਜੋ ‘ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਮਹਾਰਾਸ਼ਟਰ ਵਿੱਚ ਔਸਤ ਏਕਿਊਆਈ 146 ਦਰਜ ਕੀਤਾ ਗਿਆ, ਜੋ ‘ਦਰਮਿਆਨੀ’ (Moderate) ਸ਼੍ਰੇਣੀ ਵਿੱਚ ਆਉਂਦਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ, ਦੀਵਾਲੀ ਤੋਂ ਅਗਲੇ ਦਿਨ, ਕਈ ਨਿਗਰਾਨੀ ਕੇਂਦਰਾਂ ’ਤੇ ਹਵਾ ਦੀ ਗੁਣਵੱਤਾ ਵਿਗੜ ਕੇ ‘ਗੰਭੀਰ’ (Severe) ਸ਼੍ਰੇਣੀ ਵਿੱਚ ਪਹੁੰਚ ਗਈ ਸੀ, ਜਿਸ ਵਿੱਚ ਕਈ ਇਲਾਕਿਆਂ ਵਿੱਚ ਏਅਰ ਕੁਆਲਿਟੀ ਇੰਡੈਕਸ 400 ਨੂੰ ਪਾਰ ਕਰ ਗਿਆ ਸੀ ਅਤੇ ਤੜਕੇ ਦੇ ਘੰਟਿਆਂ ਦੌਰਾਨ ਵਿਜ਼ੀਬਿਲਟੀ (ਦ੍ਰਿਸ਼ਟਤਾ) ਘੱਟ ਰਹੀ ਸੀ।
ਸੀਪੀਸੀਬੀ ਦੇ ਵਰਗੀਕਰਨ ਅਨੁਸਾਰ, 0 ਤੋਂ 50 ਦੇ ਵਿਚਕਾਰ ਏਕਿਊਆਈ ਨੂੰ ‘ਚੰਗਾ’, 51-100 ਨੂੰ ‘ਸੰਤੋਖਜਨਕ’, 101-200 ਨੂੰ ‘ਦਰਮਿਆਨਾ’, 201-300 ਨੂੰ ‘ਖ਼ਰਾਬ’, 301-400 ਨੂੰ ‘ਬਹੁਤ ਖ਼ਰਾਬ’ ਅਤੇ 401-500 ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।

