ਹਸਪਤਾਲ ਦਾ ਸ਼ਰਮਨਾਕ ਮਾਮਲਾ: ਬੀਮਾਰ ਬੇਟੇ ਦੀ ‘ਮਾਂ’ ਤੋਂ ਫਰਸ਼ ’ਤੇ ਲਗਵਾਇਆ ਪੋਚਾ; ਵੀਡੀਓ ਵਾਇਰਲ

ਹਸਪਤਾਲ ਦਾ ਸ਼ਰਮਨਾਕ ਮਾਮਲਾ: ਬੀਮਾਰ ਬੇਟੇ ਦੀ ‘ਮਾਂ’ ਤੋਂ ਫਰਸ਼ ’ਤੇ ਲਗਵਾਇਆ ਪੋਚਾ; ਵੀਡੀਓ ਵਾਇਰਲ

ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹਾ ਹਸਪਤਾਲ ਵਿੱਚ ਸਿਹਤ ਸਹੂਲਤਾਂ ਅਤੇ ਸਫ਼ਾਈ ਵਿਵਸਥਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਨ ਵਾਲਾ ਇੱਕ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਵਿੱਚ ਦਾਖ਼ਲ ਬੀਮਾਰ ਬੇਟੇ ਦੀ ਮਾਂ ਕੋਲੋਂ ਫਰਸ਼ ’ਤੇ ਪੋਚਾ ਲਗਵਾਉਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।  ਜਾਣਕਾਰੀ ਅਨੁਸਾਰ ਤੇਜਗੜ੍ਹ ਖੇਤਰ ਦੇ ਸਿਮਰੀਆ ਪਿੰਡ ਦੀ ਰਹਿਣ ਵਾਲੀ 58 ਸਾਲਾ ਹਲਕੀ ਬਹੂ ਆਪਣੇ ਬੀਮਾਰ ਬੇਟੇ (ਜੋ ਕਿ ਡਾਇਰੀਆ ਤੋਂ ਪੀੜਤ ਸੀ) ਦਾ ਇਲਾਜ ਕਰਵਾਉਣ ਲਈ ਜ਼ਿਲ੍ਹਾ ਹਸਪਤਾਲ ਆਈ ਸੀ। ਦੋਸ਼ ਹੈ ਕਿ ਹਸਪਤਾਲ ਦੇ ਫਰਸ਼ ’ਤੇ ਗੰਦਗੀ ਫੈਲਣ ਤੋਂ ਬਾਅਦ ਡਿਊਟੀ ’ਤੇ ਮੌਜੂਦ ਨਰਸ ਨੇ ਮਾਂ ਨੂੰ ਹੀ ਜ਼ਬਰਦਸਤੀ ਫਰਸ਼ ਸਾਫ਼ ਕਰਨ ਲਈ ਕਹਿ ਦਿੱਤਾ। ਵਾਇਰਲ ਵੀਡੀਓ ਵਿੱਚ ਮਜਬੂਰ ਮਾਂ ਹਸਪਤਾਲ ਦੇ ਫਰਸ਼ ’ਤੇ ਪੋਚਾ ਲਗਾਉਂਦੀ ਸਾਫ਼ ਦਿਖਾਈ ਦੇ ਰਹੀ ਹੈ।  ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਜੀਤੂ ਪਟਵਾਰੀ ਨੇ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਇਹ ਦ੍ਰਿਸ਼ ਲਾਚਾਰੀ ਦੀ ਹੱਦ ਨੂੰ ਦਰਸਾਉਂਦਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਹਸਪਤਾਲਾਂ ਵਿੱਚ ਸਟਾਫ਼ ਦੀ ਕਮੀ ਹੈ, ਕਰਮਚਾਰੀਆਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਜਾਂ ਫਿਰ ਸਾਰਾ ਸਰਕਾਰੀ ਪੈਸਾ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਰਿਹਾ ਹੈ?

55 ਸਫ਼ਾਈ ਕਰਮਚਾਰੀ ਤਾਇਨਾਤ ਹੋਣ ਦੇ ਬਾਵਜੂਦ ਇਹ ਹਾਲ?

ਹਸਪਤਾਲ ਵਿੱਚ ਸਫ਼ਾਈ ਵਿਵਸਥਾ ਲਈ ਆਉਟਸੋਰਸ ਏਜੰਸੀ ਜ਼ਰੀਏ ਕਰੀਬ 55 ਕਰਮਚਾਰੀ (52 ਸਫ਼ਾਈ ਕਰਮਚਾਰੀ ਅਤੇ 3 ਸੁਪਰਵਾਈਜ਼ਰ) ਤਾਇਨਾਤ ਹਨ, ਜਿਨ੍ਹਾਂ ਨੂੰ ਏਜੰਸੀ ਵੱਲੋਂ ਹਰ ਮਹੀਨੇ ਲਗਭਗ 8 ਲੱਖ ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਦੇ ਬਾਵਜੂਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਤੋਂ ਸਫ਼ਾਈ ਕਰਵਾਉਣਾ ਹਸਪਤਾਲ ਪ੍ਰਬੰਧਨ ਦੀ ਕਾਰਜਪ੍ਰਣਾਲੀ ’ਤੇ ਵੱਡਾ ਸਵਾਲੀਆ ਨਿਸ਼ਾਨ ਲਗਾਉਂਦਾ ਹੈ।

ਦੂਜੇ ਪਾਸੇ ਸਿਵਲ ਸਰਜਨ ਡਾ. ਪ੍ਰਹਿਲਾਦ ਪੈਟਲ ਨੇ ਕਾਰਵਾਈ ਦੀ ਗੱਲ ਕਹੀ ਹੈ। ਹਸਪਤਾਲ ਪ੍ਰਬੰਧਨ ਨੇ ਸਬੰਧਤ ਡਿਊਟੀ ਨਰਸਿੰਗ ਅਫ਼ਸਰ, ਸਫ਼ਾਈ ਏਜੰਸੀ ਅਤੇ ਸਹਾਇਕ ਹਸਪਤਾਲ ਪ੍ਰਬੰਧਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਹਨ। ਹਾਲਾਂਕਿ ਰਾਹਤ ਦੀ ਖ਼ਬਰ ਇਹ ਹੈ ਕਿ ਇਲਾਜ ਤੋਂ ਬਾਅਦ ਮਹਿਲਾ ਦੇ ਬੇਟੇ ਦੀ ਸਿਹਤ ਵਿੱਚ ਸੁਧਾਰ ਹੋ ਗਿਆ ਹੈ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਪਰ ਇਸ ਘਟਨਾ ਦੀ ਜਾਂਚ ਜਾਰੀ ਹੈ।

Share: