ਮੁੰਬਈ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਦਿਵਆਗਰ ਬੀਚ ’ਤੇ ਵੀਰਵਾਰ ਨੂੰ ਪਿਕਨਿਕ ਮਨਾਉਣ ਗਏ ਇੱਕ ਨਿੱਜੀ ਕੋਚਿੰਗ ਸੰਸਥਾ ਦੇ 8 ਵਿਦਿਆਰਥੀਆਂ ਦੀ ਅਰਬ ਸਾਗਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਸਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕ ਵਿਦਿਆਰਥੀ ਪੁਣੇ ਜ਼ਿਲ੍ਹੇ ਦੇ ਆਲੰਦੀ ਸਥਿਤ ‘ਵਿਨਰਜ਼ ਅਕੈਡਮੀ’ ਕੋਚਿੰਗ ਸੰਸਥਾ ਦੇ ਵਿਦਿਆਰਥੀ ਸਨ। ਇਹ ਸਾਰੇ 11ਵੀਂ ਅਤੇ 12ਵੀਂ ਜਮਾਤ ਵਿੱਚ ਪੜ੍ਹਦੇ ਸਨ। ਮੁੰਬਈ ਤੋਂ ਲਗਪਗ 170 ਕਿਲੋਮੀਟਰ ਦੂਰ ਸਥਿਤ ਦਿਵਆਗਰ ਆਪਣੇ ਸਮੁੰਦਰੀ ਤੱਟ ਅਤੇ ਇਤਿਹਾਸਕ ਮੰਦਰਾਂ ਲਈ ਜਾਣਿਆ ਜਾਂਦਾ ਹੈ।
ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਲਾ ਸਕੇ ਵਿਦਿਆਰਥੀ
ਪੁਲੀਸ ਅਧਿਕਾਰੀ ਨੇ ਦੱਸਿਆ ਕਿ 48 ਜਣਿਆਂ ਦਾ ਇੱਕ ਗਰੁੱਪ ਦਿਵਆਗਰ ਬੀਚ ’ਤੇ ਪਿਕਨਿਕ ਮਨਾਉਣ ਲਈ ਗਿਆ ਸੀ। ਇਸ ਗਰੁੱਪ ਵਿੱਚ 25 ਮੁੰਡੇ, 17 ਕੁੜੀਆਂ ਅਤੇ 6 ਅਧਿਆਪਕ ਸ਼ਾਮਲ ਸਨ। ਇਹ ਇਲਾਕਾ ਦਿਘੀ ਕੋਸਟਲ ਪੁਲੀਸ ਥਾਣੇ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਪੁਲੀਸ ਮੁਤਾਬਕ 8 ਜਣੇ ਸਮੁੰਦਰ ਵਿੱਚ ਚਲੇ ਗਏ। ਉਨ੍ਹਾਂ ਨੇ ਪਾਣੀ ਦੀ ਡੂੰਘਾਈ ਅਤੇ ਸਮੁੰਦਰੀ ਧਾਰਾ ਦਾ ਸਹੀ ਅੰਦਾਜ਼ਾ ਨਹੀਂ ਲਾਇਆ, ਜਿਸ ਕਾਰਨ ਉਹ ਤੇਜ਼ ਵਹਾਅ ਵਿੱਚ ਰੁੜ੍ਹ ਕੇ ਡੁੱਬ ਗਏ।
ਸੂਚਨਾ ਮਿਲਦੇ ਹੀ ਖੋਜ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਸਾਰੇ ਅੱਠਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ।
ਪੁਲੀਸ ਨੇ ਮ੍ਰਿਤਕਾਂ ਦੀ ਪਛਾਣ ਯਸ਼ ਕਿਰਨ ਵਾਨਖੇੜੇ, ਸੋਹਮ ਤੁਕਾਰਾਮ ਭੰਡਵਾਲਕਰ, ਤਨਮਯ ਦੱਤਾਤ੍ਰੇ ਵਾਹਿਲੇ, ਕੌਸਤੁਭ ਸੰਦੀਪ ਦੌਂਡ, ਕੈਵਲਿਆ ਸਤੀਸ਼ ਵਾਸੰਕਰ, ਰਾਜਵੀਰ ਯੁਵਰਾਜ ਵਾਹਿਲੇ, ਪ੍ਰਣਵ ਰਾਮਦਾਸ ਬਾਂਸੋਡ ਅਤੇ ਸੁਮਿਤ ਭਾਰਤ ਆਹਿਰੇ ਵਜੋਂ ਕੀਤੀ ਹੈ। ਸਾਰਿਆਂ ਦੀ ਉਮਰ 16 ਸਾਲ ਦੇ ਕਰੀਬ ਸੀ।
ਵਿਧਾਇਕ ਨੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਚੁੱਕੇ
ਸ਼ਿਵ ਸੈਨਾ ਦੇ ਵਿਧਾਇਕ ਮਹੇਂਦਰ ਦਲਵੀ ਨੇ ਸਥਾਨਕ ਪ੍ਰਸ਼ਾਸਨ ’ਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਨਾ ਕਰਨ ਦਾ ਦੋਸ਼ ਲਾਇਆ ਹੈ। ਦਲਵੀ ਰਾਏਗੜ੍ਹ ਜ਼ਿਲ੍ਹੇ ਦੀ ਅਲੀਬਾਗ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿਵਆਗਰ ਵਿੱਚ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰ ਰਹੀਆਂ ਹਨ, ਇਸ ਲਈ ਸਥਾਨਕ ਪ੍ਰਸ਼ਾਸਨ ਨੂੰ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਛੋਟੀ ਉਮਰ ਦੇ ਬੱਚੇ ਸਮੁੰਦਰ ਨਾਲ ਜੁੜੇ ਖ਼ਤਰਿਆਂ, ਜਿਵੇਂ ਤੇਜ਼ ਲਹਿਰਾਂ ਅਤੇ ਪਾਣੀ ਦੀ ਡੂੰਘਾਈ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦੇ।

