ਫੀਨਿਕਸ : ਰਾਸ਼ਟਰਪਤੀ ਡੋਨਲਡ ਟਰੰਪ ਨੇ ਮੱਧਕਾਲੀ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਹੈ ਕਿ ਹਰੇਕ ਅਮਰੀਕੀ ਨੌਜਵਾਨ ਨੂੰ ਰਿਪਬਲਿਕਨ ਪਾਰਟੀ ਦੇ ਪੱਖ ’ਚ ਭੁਗਤਣ ਲਈ 5 ਹਜ਼ਾਰ ਡਾਲਰ ਦਿੱਤੇ ਜਾਣਗੇ। ਟਰੰਪ ਨੇ ਨਵੰਬਰ ’ਚ ਹੋਣ ਵਾਲੀਆਂ ਚੋਣਾਂ ’ਚ ਰਿਪਬਲਿਕਨ ਪਾਰਟੀ ਦੇ ਡਿੱਗ ਰਹੇ ਗ੍ਰਾਫ ਨੂੰ ਦੇਖਦਿਆਂ ਇਹ ਅਨੋਖੀ ਪਹਿਲ ਕੀਤੀ ਹੈ। ਜੇ ਅਮਰੀਕੀ ਪ੍ਰਤੀਨਿਧ ਸਭਾ ਅਤੇ ਸੈਨੇਟ ’ਚ ਰਿਪਬਲਿਕਨ ਪਾਰਟੀ ਨੂੰ ਬਹੁਮਤ ਮਿਲ ਜਾਂਦਾ ਹੈ ਅਤੇ ਵਾਅਦਾ ਪੂਰਾ ਕਰਨ ’ਤੇ ਖ਼ਜ਼ਾਨੇ ਉਪਰ ਇੱਕ ਖ਼ਰਬ ਡਾਲਰ ਤੋਂ ਵਧ ਦਾ ਬੋਝ ਪਵੇਗਾ। ਇਸ ਤੋਂ ਇਲਾਵਾ ਸੰਸਦ ਤੋਂ ਰਕਮ ਦੀ ਅਦਾਇਗੀ ਲਈ ਪ੍ਰਵਾਨਗੀ ਲੈਣੀ ਪਵੇਗੀ। ਹਾਲਾਂਕਿ ਕੌਮੀ ਕਰਜ਼ਾ ਪਿਛਲੇ ਮਹੀਨੇ ਪਹਿਲੀ ਵਾਰ 40 ਖ਼ਰਬ ਡਾਲਰ ਨੂੰ ਪਾਰ ਕਰ ਗਿਆ ਹੈ।
ਡੱਲਾਸ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ, ‘‘ਜੇ ਰਿਪਬਲਿਕਨ ਜਿੱਤੇ ਤਾਂ ਤੁਸੀਂ ਵੀ ਸਾਡੇ ਨਾਲ ਜਿੱਤੋਗੇ ਅਤੇ ਤੁਹਾਨੂੰ 5 ਹਜ਼ਾਰ ਡਾਲਰ ਮਿਲਣਗੇ। ਇਹ ਟਰੰਪ ਡਿਵੀਡੈਂਡ ਹੋਵੇਗਾ।’’ ਉਂਜ ਕੁਝ ਹੀ ਘੰਟਿਆਂ ਬਾਅਦ ਉਪ ਰਾਸ਼ਟਰਪਤੀ ਜੇ ਡੀ ਵੈਂਸ ਨੇ ਕਿਹਾ ਕਿ ਅਮੀਰਾਂ ਨੂੰ ਡਿਵੀਡੈਂਡ ਦੀ ਅਦਾਇਗੀ ਨਹੀਂ ਹੋਵੇਗੀ। ਵੈਂਸ ਨੇ ਸੁਝਾਅ ਦਿੱਤਾ ਕਿ ਅਮਰੀਕੀ ਟੈਰਿਫ ਤੋਂ ਇੱਕਠੇ ਹੋਣ ਵਾਲੇ ਮਾਲੀਏ ਨਾਲ ਖ਼ਜ਼ਾਨੇ ’ਤੇ ਪੈਣ ਵਾਲੇ ਬੋਝ ਨੂੰ ਘੱਟ ਕੀਤਾ ਜਾ ਸਕਦਾ ਹੈ। ਟਰੰਪ ਮੱਧਕਾਲੀ ਚੋਣਾਂ ਦੇ ਰੁਝਾਨ ਨੂੰ ਬਦਲਣਾ ਚਾਹੁੰਦੇ ਹਨ ਕਿਉਂਕਿ ਰਵਾਇਤ ਰਹੀ ਹੈ ਕਿ ਹੁਕਮਰਾਨ ਧਿਰ ਨੂੰ ਚੋਣਾਂ ’ਚ ਨੁਕਸਾਨ ਝਲਣਾ ਪੈਂਦਾ ਹੈ। ਫੈਡਰਲ ਬਜਟ ਨਾਲ ਸਬੰਧਤ ਕਮੇਟੀ ਦੇ ਸੀਨੀਅਰ ਡਾਇਰੈਕਟਰ ਮਾਰਕ ਗੋਲਡਵੀਨ ਨੇ ਕਿਹਾ ਕਿ ਮੁਨਾਫ਼ੇ ’ਚ ਰਹਿਣ ਵਾਲੀਆਂ ਕੰਪਨੀਆਂ ਡਿਵੀਡੈਂਡ ਦਿੰਦੀਆਂ ਹਨ ਪਰ ਅਮਰੀਕਾ ਦਾ ਸਾਲਾਨਾ ਘਾਟਾ 2 ਖ਼ਰਬ ਡਾਲਰ ਅਤੇ 40 ਖ਼ਰਬ ਡਾਲਰ ਦਾ ਕਰਜ਼ਾ ਹੈ ਤੇ ਇਹ ਵਾਅਦਾ ਪੂਰਾ ਕਰਨਾ ਮੁਸ਼ਕਲ ਹੈ।

