ਪੂਰਬੀ ਕਾਂਗੋ ਦੇ ਬੁਕਾਵੁ ਵਿੱਚ ਅੱਗ ਲੱਗਣ ਕਾਰਨ ਦੋ ਸਕੂਲਾਂ ਦੇ 24 ਵਿਦਿਆਰਥੀਆਂ ਦੀ ਮੌਤ

ਪੂਰਬੀ ਕਾਂਗੋ ਦੇ ਬੁਕਾਵੁ ਵਿੱਚ ਅੱਗ ਲੱਗਣ ਕਾਰਨ ਦੋ ਸਕੂਲਾਂ ਦੇ 24 ਵਿਦਿਆਰਥੀਆਂ ਦੀ ਮੌਤ

ਬੁਕਾਵੁ (ਕਾਂਗੋ) : ਪੂਰਬੀ ਕਾਂਗੋ ਦੇ ਬੁਕਾਵੁ ਸ਼ਹਿਰ ਵਿੱਚ ਵੀਰਵਾਰ ਨੂੰ ਅੱਗ ਲੱਗਣ ਦੀ ਇੱਕ ਘਟਨਾ ਵਿੱਚ 24 ਵਿਦਿਆਰਥੀਆਂ ਦੀ ਮੌਤ ਹੋ ਗਈ। ਸ਼ਹਿਰ ਉੱਤੇ ਕੰਟਰੋਲ ਰੱਖਣ ਵਾਲੇ ਇੱਕ ਬਾਗੀ ਸਮੂਹ ਨੇ ਇਹ ਜਾਣਕਾਰੀ ਦਿੱਤੀ। ‘ਐੱਮ23’ (M23) ਬਾਗੀ ਸਮੂਹ ਦੇ ਬੁਲਾਰੇ ਲਾਰੈਂਸ ਕਾਨੁਕਾ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 19 ਲੜਕੀਆਂ ਅਤੇ ਪੰਜ ਲੜਕੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ 29 ਹੋਰ ਲੋਕ ਸਥਾਨਕ ਸਿਹਤ ਕੇਂਦਰਾਂ ਵਿੱਚ ਜ਼ੇਰੇ ਇਲਾਜ ਹਨ। ਸਥਾਨਕ ਪ੍ਰਸ਼ਾਸਕ ਮੋਇਜ਼ ਲੁਬਾਲਾ ਨੇ ‘ਦ ਐਸੋਸੀਏਟਡ ਪ੍ਰੈੱਸ’ (ਏ ਪੀ) ਨੂੰ ਦੱਸਿਆ ਕਿ ਅੱਗ ਪਹਿਲਾਂ ਇੱਕ ਘਰ ਵਿੱਚ ਲੱਗੀ ਅਤੇ ਫਿਰ ਨੇੜੇ ਦੇ ਦੋ ਸਕੂਲਾਂ ਵਿੱਚ ਫੈਲ ਗਈ।

ਉਨ੍ਹਾਂ ਦੱਸਿਆ ਕਿ ਕਈ ਵਿਦਿਆਰਥੀ ‘ਫੁਰਾਹਾ ਸੈਕੰਡਰੀ ਸਕੂਲ’ ਦੇ ਅੰਦਰ ਫਸ ਗਏ ਅਤੇ ਕੁਝ ਦੀ ਦਮ ਘੁਟਣ ਨਾਲ ਮੌਤ ਹੋ ਗਈ। ਸਿਹਤ ਕੇਂਦਰ ਦੀ ਇੱਕ ਨਰਸ ਸਿਜਾ ਜੀਨ-ਬੈਪਟਿਸਟ ਨੇ ‘ਏ ਪੀ’ ਨੂੰ ਦੱਸਿਆ ਕਿ ਫੁਰਾਹਾ ਅਤੇ ਨੇੜੇ ਦੇ ‘ਉਜਾਮਾ ਪ੍ਰਾਇਮਰੀ ਸਕੂਲ’ ਦੇ ਵੱਖ-ਵੱਖ ਉਮਰ ਦੇ ਵਿਦਿਆਰਥੀ-ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸਕੂਲ ਯੂਨੀਫਾਰਮ ਵਿੱਚ ਹੀ ਨਿਆਮੁਲਾਗਿਰਾ ਬੀਡੋਮ ਸਿਹਤ ਕੇਂਦਰ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਮੈਡੀਕਲ ਕਰਮਚਾਰੀਆਂ ਲਈ ਉਨ੍ਹਾਂ ਦਾ ਸਹੀ ਅੰਕੜਾ ਰੱਖ ਪਾਉਣਾ ਮੁਸ਼ਕਿਲ ਹੋ ਰਿਹਾ ਸੀ। ਲੁਬਾਲਾ ਅਨੁਸਾਰ, ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

Share: