ਦਿੜ੍ਹਬਾ ਮੰਡੀ : ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਗੁਲਜ਼ਾਰ ਸਿੰਘ ਤੂਰਬੰਜਾਰਾ ਦੀ ਖੁਦਕੁਸ਼ੀ ਮਾਮਲੇ ਸਬੰਧੀ ਵੀਰਵਾਰ ਨੂੰ ਪਿੰਡ ਤੂਰਬੰਜਾਰਾ ਪਹੁੰਚ ਕੇ ਉਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਤੇ ਮਾਮਲੇ ਦੀ ਜਾਣਕਾਰੀ ਲੈਣ ਮਗਰੋਂ ਪਰਿਵਾਰ ਨੂੰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਕਮਿਸ਼ਨ ਚੰਡੀਗੜ੍ਹ ਦਫ਼ਤਰ ਦੇ ਡਾਇਰੈਕਟਰ ਡਾ. ਆਰ ਸਟਾਲਿਨ, ਡੀ ਸੀ ਸੰਗਰੂਰ, ਡੀ ਆਈ ਜੀ, ਐੱਸ ਐੱਸ ਪੀ ਸੰਗਰੂਰ, ਐੱਸ ਡੀ ਐੱਮ ਦਿੜ੍ਹਬਾ ਆਦਿ ਹਾਜ਼ਰ ਸਨ। ਪੀੜਤ ਪਰਿਵਾਰ ਨਾਲ ਮੁਲਾਕਾਤ ਮਗਰੋਂ ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਬਹੁਤ ਗੰਭੀਰ ਤੇ ਸੰਵੇਦਨਸ਼ੀਲ ਮਾਮਲਾ ਹੈ ਕਿਉਂਕਿ ਉਹ ਵਿੱਤ ਮੰਤਰੀ ਦੇ ਸਮਾਗਮ ਵਿੱਚ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾ ਰਿਹਾ ਸੀ। ਉਸ ਨੂੰ ਡਰਾਇਆ ਅਤੇ ਧਮਕਾਇਆ ਗਿਆ, ਜਿਸ ਕਾਰਨ ਉਸ ਨੇ ਆਪਣੀ ਜਾਨ ਗੁਆਈ ਹੈ। ਚੇਅਰਮੈਨ ਕਿਸ਼ੋਰ ਮਕਵਾਨਾ ਨੇ ਕਿਹਾ, ‘‘ਮੈਂ ਪੀੜਤ ਪਰਿਵਾਰ ਤੋਂ ਸਾਰੀ ਜਾਣਕਾਰੀ ਹਾਸਲ ਕਰ ਲਈ ਹੈ। ਗੁਲਜ਼ਾਰ ਸਿੰਘ ਦੇ ਪਰਿਵਾਰ ਦੀ ਮੰਗ ਹੈ ਕਿ ਮਾਮਲੇ ’ਚ ਜੋ ਵੀ ਮੁਲਜ਼ਮ ਹੈ, ਮੰਤਰੀ ਸਣੇ ਉਨ੍ਹਾਂ ਸਾਰਿਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਡਰਾਉਣਾ-ਧਮਕਾਉਣਾ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਚੇਅਰਮੈਨ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਸ ਸਬੰਧੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪਰਿਵਾਰ ਦੀਆਂ ਸਾਰੀਆਂ ਮੰਗਾਂ ਰੱਖੀਆਂ ਜਾਣਗੀਆਂ। ਉਨ੍ਹਾਂ ਨੇ ਪੀੜਤ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਵਾਉਣ, ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਅਤੇ ਪਰਿਵਾਰ ਨੂੰ ਸੁਰੱਖਿਆ ਦਿਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਭਾਜਪਾ ਆਗੂ ਦਮਨ ਬਾਜਵਾ, ਹਰਪਾਲ ਸਿੰਘ ਖਡਿਆਲ ਆਦਿ ਮੌਜੂਦ ਸਨ।
Posted inSangrur
ਗੁਲਜ਼ਾਰ ਸਿੰਘ ਖੁਦਕੁਸ਼ੀ ਮਾਮਲਾ: ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ

