Punjab Shooting Championship: ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਸ਼ੁਰੂ

Punjab Shooting Championship: ਪੰਜਾਬ ਰਾਜ ਸ਼ੂਟਿੰਗ ਚੈਂਪੀਅਨਸ਼ਿਪ ਸ਼ੁਰੂ

ਰੂਪਨਗਰ : ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ (ਸਾਸਾ-ਇੰਡੀਆ), ਰੂਪਨਗਰ ਵਿੱਚ 70ਵੀਂ ਪੰਜਾਬ ਰਾਜ ਸ਼ੂਟਿੰਗ (ਨਿਸ਼ਾਨੇਬਾਜ਼ੀ) ਚੈਂਪੀਅਨਸ਼ਿਪ 2026 ਸ਼ੁਰੂ ਹੋ ਗਈ ਹੈ। ਤਿੰਨ ਦਿਨ ਚੱਲਣ ਵਾਲੀ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਦੇ ਤਕਰੀਬਨ 365 ਖਿਡਾਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਮੁਕਾਬਲਿਆਂ ਵਿੱਚ ਅੰਡਰ-17 ਵਰਗ ਦੇ ਲੜਕੇ ਅਤੇ ਲੜਕੀਆਂ ਪਿਸਟਲ, ਏਅਰ ਰਾਈਫਲ ਅਤੇ ਓਪਨ ਸਾਈਟ ਸ਼ੂਟਿੰਗ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ।

ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਰੂਪਨਗਰ ਦੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਪ੍ਰੇਮ ਕੁਮਾਰ ਮਿੱਤਲ ਅਤੇ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਕੀਤਾ। ਇਹ ਸਾਰੇ ਮੁਕਾਬਲੇ ਉਪ-ਕਨਵੀਨਰ ਅਤੇ ਸਟੇਟ ਐਵਾਰਡੀ ਨਰਿੰਦਰ ਸਿੰਘ ਬੰਗਾ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ਹਨ। ਇਸ ਦੌਰਾਨ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼ਰਨਜੀਤ ਕੌਰ ਨੇ ਖਿਡਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਪ੍ਰਬੰਧਾਂ ਦਾ ਬਾਰੀਕੀ ਨਾਲ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਅਕੈਡਮੀ ਦੀ ਇਸ ਸ਼ੂਟਿੰਗ ਰੇਂਜ ਨੂੰ ਭਾਰਤ ਸਰਕਾਰ ਦੇ ‘ਖੇਲੋ ਇੰਡੀਆ’ ਪ੍ਰਾਜੈਕਟ ਤਹਿਤ ਮਾਨਤਾ ਪ੍ਰਾਪਤ ਹੈ। ਪ੍ਰਬੰਧਕਾਂ ਅਨੁਸਾਰ ਜੇਤੂ ਖਿਡਾਰੀਆਂ ਨੂੰ 18 ਸਤੰਬਰ ਬਾਅਦ ਦੁਪਹਿਰ 2:30 ਵਜੇ ਅਕੈਡਮੀ ਕੈਂਪਸ ਵਿੱਚ ਇਨਾਮ ਵੰਡੇ ਜਾਣਗੇ। ਉਦਘਾਟਨੀ ਸਮਾਗਮ ਮੌਕੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕੋਚ, ਮੈਨੇਜਰ ਅਤੇ ਅਕੈਡਮੀ ਦਾ ਸਟਾਫ ਵੀ ਹਾਜ਼ਰ ਸੀ।

Share: