Bathinda Drug Video: 2 ਮਿੰਟ ’ਚ ‘ਚਿੱਟਾ’ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ, ਔਰਤ ਸਣੇ ਤਿੰਨ ਕਾਬੂ

Bathinda Drug Video: 2 ਮਿੰਟ ’ਚ ‘ਚਿੱਟਾ’ ਮਿਲਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ, ਔਰਤ ਸਣੇ ਤਿੰਨ ਕਾਬੂ

ਬਠਿੰਡਾ : ਸ਼੍ਰੋਮਣੀ ਅਕਾਲੀ ਦਲ (SAD) ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਸੰਗਤ ਕਲਾਂ ਵਿੱਚ ਸਿਰਫ਼ 600 ਰੁਪਏ ’ਚ ‘ਚਿੱਟਾ’ ਵਿਕਣ ਦਾ ਦਾਅਵਾ ਕਰਦੀ 3.12 ਮਿੰਟ ਦੀ ਵੀਡੀਓ ਵਾਇਰਲ ਕੀਤੇ ਜਾਣ ਤੋਂ ਦੋ ਦਿਨ ਬਾਅਦ, ਅੱਜ ਸਵੇਰੇ ਪੁਲੀਸ ਹਰਕਤ ਵਿੱਚ ਆ ਗਈ। ਲਗਭਗ 200 ਪੁਲੀਸ ਮੁਲਾਜ਼ਮਾਂ ਦੀ ਨਫ਼ਰੀ ਨੇ ਪਿੰਡ ਸੰਗਤ ਕਲਾਂ ਅਤੇ ਸੰਗਤ ਮੰਡੀ ਨੂੰ ਘੇਰਾ ਪਾ ਕੇ ਵੱਡੇ ਪੱਧਰ ’ਤੇ ਤਲਾਸ਼ੀ ਮੁਹਿੰਮ CASO) ਚਲਾਈ।

ਇਸ ਮਾਮਲੇ ਵਿੱਚ ਪੁਲੀਸ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਉਨ੍ਹਾਂ ਕੋਲੋਂ 9 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਿੰਦਰ ਸਿੰਘ, ਮਨਜਿੰਦਰ ਕੌਰ ਅਤੇ ਅਰੁਣਪ੍ਰੀਤ ਸਿੰਘ ਗੱਗੂ ਵਜੋਂ ਹੋਈ ਹੈ।

ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਬਠਿੰਡਾ ਦੇ ਐੱਸ.ਪੀ. (ਹੈੱਡਕੁਆਰਟਰ) ਜਗਦੀਸ਼ ਬਿਸ਼ਨੋਈ ਨੇ ਦੱਸਿਆ ਕਿ ਤਲਾਸ਼ੀ ਅਭਿਆਨ ਦੌਰਾਨ ਲਗਭਗ 20 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਕੋਲੋਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਮਾਮਲੇ ਦਰਜ (FIR) ਕਰਨ ਤੋਂ ਬਾਅਦ ਪੂਰੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਫੇਸਬੁੱਕ ਪੇਜ ’ਤੇ ਇੱਕ ਕਥਿਤ ਸਟਿੰਗ ਅਪਰੇਸ਼ਨ ਦੀ ਵੀਡੀਓ ਸਾਂਝੀ ਕਰਦਿਆਂ ਤਨਜ਼ ਕੱਸਿਆ ਸੀ ਕਿ ਜਿੱਥੇ ਪੀਜ਼ਾ 30 ਮਿੰਟ ਅਤੇ ਬਲਿੰਕਿਟ (Blinkit) ਦਾ ਆਰਡਰ 10 ਮਿੰਟਾਂ ’ਚ ਡਿਲੀਵਰ ਹੁੰਦਾ ਹੈ, ਉੱਥੇ ਪੰਜਾਬ ’ਚ ‘ਚਿੱਟਾ’ ਦੋ ਮਿੰਟ ਤੋਂ ਵੀ ਘੱਟ ਸਮੇਂ ’ਚ ਮਿਲ ਜਾਂਦਾ ਹੈ। ਅਕਾਲੀ ਦਲ ਨੇ ਇਸ ਵੀਡੀਓ ਦੇ ਆਧਾਰ ’ਤੇ ਸੂਬੇ ਵਿੱਚ ਫੈਲੇ ਨਸ਼ਿਆਂ ਦੇ ਮੁੱਦੇ ’ਤੇ ‘ਆਪ’ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਤੁਰੰਤ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਸੀ।

Share: