ਕਿਸਾਨ ਵੱਲੋਂ ਕਥਿਤ ਤੌਰ ’ਤੇ ਸਲਫਾਸ ਨਿਗਲ ਕੇ ਖੁਦਕੁਸ਼ੀ; ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼

ਕਿਸਾਨ ਵੱਲੋਂ ਕਥਿਤ ਤੌਰ ’ਤੇ ਸਲਫਾਸ ਨਿਗਲ ਕੇ ਖੁਦਕੁਸ਼ੀ; ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਣ ’ਤੇ ਤੰਗ-ਪਰੇਸ਼ਾਨ ਕਰਨ ਦੇ ਦੋਸ਼

ਪਟਿਆਲਾ : ਸੁਨਾਮ ਵਿੱਚ ਮੁੱਖ ਮੰਤਰੀ ਦੀ ਰੈਲੀ ਦੌਰਾਨ ਕਾਲੇ ਝੰਡੇ ਦਿਖਾਉਣ ਤੋਂ ਬਾਅਦ ਮੋਹਨਜੀਤ ਸਿੰਘ ਨਾਲ ਹੋਈ ਕਥਿਤ ਕੁੱਟਮਾਰ ਦਾ ਮਾਮਲਾ ਅਜੇ ਗਰਮਾਇਆ ਹੀ ਸੀ ਕਿ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਹੋਰ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਕ ਮੰਤਰੀ ਦੇ ਸਮਾਗਮ ਦੌਰਾਨ ਸ਼ਰੇਆਮ ਨਸ਼ਿਆਂ ਦੇ ਫੈਲਾਅ ਬਾਰੇ ਸਵਾਲ ਪੁੱਛਣ ਵਾਲੇ 50 ਸਾਲਾ ਕਿਸਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਗੁਲਜ਼ਾਰ ਸਿੰਘ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੇ ਹਫ਼ਤੇ ਦਿੜ੍ਹਬਾ ਵਿਖੇ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਦੀ ਹਾਜ਼ਰੀ ਵਿੱਚ ਹੋਏ ਪ੍ਰੋਗਰਾਮ ਦੌਰਾਨ ਗੁਲਜ਼ਾਰ ਸਿੰਘ ਨੇ ਨਸ਼ਿਆਂ ਦੀ ਸ਼ਰੇਆਮ ਵਿਕਰੀ ’ਤੇ ਸਵਾਲ ਚੁੱਕਦਿਆਂ ਕਿਹਾ ਸੀ, “ਮੇਰਾ ਪੁੱਤ ਸ਼ਰੇਆਮ ਚਿੱਟਾ ਪੀਂਦਾ ਹੈ, ਤੁਸੀਂ ਇਸ ਨਸ਼ੇ ਨੂੰ ਬੰਦ ਕਿਉਂ ਨਹੀਂ ਕਰਵਾਉਂਦੇ?” ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਵੀ ਉਸ ਨੇ ਦਾਅਵਾ ਕੀਤਾ ਸੀ ਕਿ ਨਸ਼ਾ ਆਸਾਨੀ ਨਾਲ ਮਿਲਣ ਕਰਕੇ ਉਸ ਦਾ ਪੁੱਤ ਇਸ ਦੀ ਗ੍ਰਿਫ਼ਤ ਵਿੱਚ ਆ ਚੁੱਕਾ ਹੈ। ਪਿੰਡ ਵਾਸੀਆਂ ਅਤੇ ਪਰਿਵਾਰ ਦਾ ਦੋਸ਼ ਹੈ ਕਿ ਮੰਤਰੀ ਸਾਹਮਣੇ ਇਹ ਮੁੱਦਾ ਚੁੱਕਣ ਤੋਂ ਬਾਅਦ ਸੰਗਰੂਰ ਪੁਲੀਸ ਵੱਲੋਂ ਦਿੱਤੇ ਜਾ ਰਹੇ ਕਥਿਤ ਦਬਾਅ ਅਤੇ ਮਾਨਸਿਕ ਪਰੇਸ਼ਾਨੀ ਤੋਂ ਤੰਗ ਆ ਕੇ ਗੁਲਜ਼ਾਰ ਸਿੰਘ ਨੇ ਜ਼ਹਿਰੀਲੀ ਚੀਜ਼ (ਸਲਫਾਸ) ਨਿਗਲ ਲਈ। ਉਸ ਨੂੰ ਪਹਿਲਾਂ ਦਿੜ੍ਹਬਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ, ਪਟਿਆਲਾ ਅਤੇ ਬਾਅਦ ਵਿੱਚ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਸੀ, ਜਿੱਥੇ ਉਸ ਨੇ ਦਮ ਤੋੜ ਦਿੱਤਾ।

ਦੂਜੇ ਪਾਸੇ, ਪੁਲੀਸ ਨੇ ਤੰਗ-ਪਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਪੁਲੀਸ ਨੇ ਇਸ ਸਬੰਧ ਵਿੱਚ ਇੱਕ ਸਰਪੰਚ ਅਤੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਅਤੇ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਪਟਿਆਲਾ ਰੇਂਜ ਦੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ ਨੇ ਪੁਸ਼ਟੀ ਕਰਦਿਆਂ ਕਿਹਾ, “ਅਸੀਂ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦੇਵਾਂਗੇ ਅਤੇ ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।”

Share: