Gandhinagar Crane Accident: ਗਾਂਧੀਨਗਰ ਵਿੱਚ ਨਿਰਮਾਣ ਅਧੀਨ ਇਮਾਰਤ ’ਤੇ ਡਿੱਗੀ ਕਰੇਨ; 11 ਮਜ਼ਦੂਰ ਜ਼ਖ਼ਮੀ

Gandhinagar Crane Accident: ਗਾਂਧੀਨਗਰ ਵਿੱਚ ਨਿਰਮਾਣ ਅਧੀਨ ਇਮਾਰਤ ’ਤੇ ਡਿੱਗੀ ਕਰੇਨ; 11 ਮਜ਼ਦੂਰ ਜ਼ਖ਼ਮੀ

ਗੁਜਰਾਤ ਦੇ ਗਾਂਧੀਨਗਰ ਵਿੱਚ ਬੁੱਧਵਾਰ ਦੇਰ ਰਾਤ ਨਿਰਮਾਣ ਅਧੀਨ ਇਮਾਰਤ ਦੀ ਸਾਈਟ ’ਤੇ ਹਾਦਸਾ ਵਾਪਰਿਆ। ਕੁਡਾਸਣ ਇਲਾਕੇ ਵਿੱਚ ਇਮਾਰਤ ਦੇ ਨਿਰਮਾਣ ਕਾਰਜਾਂ ਦੌਰਾਨ ਕਰੇਨ ਦਾ ਇੱਕ ਵੱਡਾ ਹਿੱਸਾ ਡਿੱਗ ਗਿਆ। ਇਸ ਹਾਦਸੇ ਵਿੱਚ 11 ਮਜ਼ਦੂਰ ਜ਼ਖ਼ਮੀ ਹੋਏ ਹਨ, ਜਦਕਿ ਕਈ ਹੋਰਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਹੈ।

ਜਾਣਕਾਰੀ ਅਨੁਸਾਰ ਹਾਦਸਾ ਦੇਰ ਰਾਤ ਕੁਡਾਸਣ ਇਲਾਕੇ ਵਿੱਚ ਰਿਲਾਇੰਸ ਚੌਕ ਨੇੜੇ ਬਣ ਰਹੀ ‘ਬੋਸਕੀ ਦਿ ਐਂਪਾਇਰ’ ਨਾਂ ਦੀ ਇਮਾਰਤ ਦੀ ਉਸਾਰੀ ਵਾਲੀ ਥਾਂ ’ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਦੋ ਹਿੱਸਿਆਂ ਵਿਚਕਾਰ ਲੋਹੇ ਦਾ ਢਾਂਚਾ ਲਗਾਉਣ ਦਾ ਕੰਮ ਚੱਲ ਰਿਹਾ ਸੀ। ਇਸੇ ਦੌਰਾਨ ਕਰੇਨ ਅਤੇ ਢਾਂਚੇ ਦਾ ਭਾਰੀ ਹਿੱਸਾ ਹੇਠਾਂ ਆ ਡਿੱਗਿਆ। ਹਾਦਸੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਵੀ ਮੌਕੇ ’ਤੇ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਗਾਂਧੀਨਗਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਕਈ ਐਂਬੂਲੈਂਸਾਂ ਨੂੰ ਵੀ ਘਟਨਾ ਸਥਾਨ ’ਤੇ ਭੇਜਿਆ ਗਿਆ। ਮਲਬੇ ਹੇਠ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ’ਤੇ ਚਲਾਇਆ ਜਾ ਰਿਹਾ ਹੈ। ਮੁੱਢਲੀਆਂ ਰਿਪੋਰਟਾਂ ਮੁਤਾਬਕ 10 ਤੋਂ 15 ਮਜ਼ਦੂਰਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਜਤਾਇਆ ਗਿਆ।

Share: