ਫ਼ਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਇਸ ਸਾਲ ਜੁਲਾਈ ਵਿੱਚ ਲਏ ਫਾਰਮੇਸੀ ਅਫਸਰ ਦੇ ਇਮਤਿਹਾਨ ’ਚ ਕਥਿਤ ਔਨਲਾਈਨ ਨਕਲ ਵੱਜਣ ਦੇ ਮਾਮਲੇ ਦੀ ਪੜਤਾਲ ਫ਼ਰੀਦਕੋਟ ਪੁਲੀਸ 70 ਦਿਨਾਂ ਬਾਅਦ ਵੀ ਮੁਕੰਮਲ ਨਹੀਂ ਕਰ ਸਕੀ। ਪੁਲੀਸ ਵੱਲੋਂ ਹੁਣ ਤੱਕ ਅਦਾਲਤ ਵਿੱਚ ਪੇਸ਼ ਕੀਤੇ ਰਿਕਾਰਡ ਤੋਂ ਇਹ ਗੱਲ ਸਾਬਤ ਹੋਈ ਹੈ ਕਿ ਪੁਲੀਸ ਨੇ ਨਕਲ ਮਰਵਾਉਣ ਵਾਲੇ ਗਰੋਹ ਵੱਲੋਂ ਵਿਦਿਆਰਥੀਆਂ ਕੋਲੋਂ ਵਸੂਲੇ ਲੱਖਾਂ ਰੁਪਏ ਬਰਾਮਦ ਨਹੀਂ ਕੀਤੇ ਅਤੇ ਨਾ ਹੀ ਗਰੋਹ ਵੱਲੋਂ ਹਾਸਲ ਕੀਤੇ ਸਕਿਉਰਿਟੀ ਚੈੱਕ ਪੁਲੀਸ ਨੂੰ ਮਿਲੇ ਹਨ।
ਪੁਲੀਸ ਦੀ ਪੜਤਾਲ ਵਿਵਾਦਾਂ ਵਿੱਚ ਹੈ। ਇਸ ਕਰ ਕੇ ਪੀੜਤਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਕੇ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਹਾਈ ਕੋਰਟ ਨੇ ਮਾਮਲੇ ਵਿੱਚ ਸੀ ਬੀ ਆਈ ਤੋਂ ਜਵਾਬ ਮੰਗਿਆ ਹੈ, ਜਿਸ ਦੀ ਸੁਣਵਾਈ ਅਗਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਫ਼ਰੀਦਕੋਟ ਪੁਲੀਸ ਵੱਲੋਂ ਨਕਲ ਕਾਂਡ ਵਿੱਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਜਸਕਰਨ ਸਿੰਘ, ਰਿੰਕੂ ਸਿੰਘ, ਗੁਰਪਿੰਦਰ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਗੌਰਵ ਚੌਹਾਨ, ਕੁਲਵਿੰਦਰ ਸਿੰਘ, ਲਵਪ੍ਰੀਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਸੂਰਜ ਸਿੰਘ ਅਤੇ ਜਸਬੀਰ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ। ਇਲਾਕਾ ਮੈਜਿਸਟਰੇਟ ਮਾਮਲੇ ਦੀ ਪੜਤਾਲ ਮੁਕੰਮਲ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਪੀੜਤਾਂ ਨੇ ਹਾਈ ਕੋਰਟ ਵਿੱਚ ਰਿੱਟ ਦਾਇਰ ਕਰ ਕੇ ਦਾਅਵਾ ਕੀਤਾ ਹੈ ਕਿ ਫਾਰਮੇਸੀ ਦਾ ਇਮਤਿਹਾਨ ਲਾਈਵ ਲੀਕ ਹੋਇਆ ਹੈ ਅਤੇ ਨਕਲ ਮਾਰਨ ਲਈ ਵਰਤੇ ਸਾਰੇ ਯੰਤਰ ਪੁਲੀਸ ਨੇ ਜਾਣ ਬੁੱਝ ਕੇ ਬਰਾਮਦ ਨਹੀਂ ਕੀਤੇ। ਫਾਰਮੇਸੀ ਦਾ ਪੇਪਰ ਵਿਵਾਦਾਂ ਵਿੱਚ ਘਿਰਨ ਤੋਂ ਬਾਅਦ 70 ਦਿਨਾਂ ਬਾਅਦ ਵੀ ਇਸ ਦਾ ਨਤੀਜਾ ਨਹੀਂ ਐਲਾਨਿਆ ਗਿਆ। ਇਸ ਕਰ ਕੇ 4000 ਤੋਂ ਵੱਧ ਨੌਜਵਾਨਾਂ ਦਾ ਭਵਿੱਖ ਦਾਅ ’ਤੇ ਲੱਗਾ ਹੋਇਆ ਹੈ। ਇਸ ਨਕਲ ਕਾਂਡ ਵਿੱਚ ਅੱਠ ਵਿਦਿਆਰਥੀ ਫ਼ਿਰੋਜ਼ਪੁਰ ਪੁਲੀਸ ਵੱਲੋਂ ਵੀ ਫੜੇ ਗਏ ਹਨ। ਵਿਦਿਆਰਥੀ ਆਗੂ ਹਰਵੀਰ ਕੌਰ ਨੇ ਕਿਹਾ ਕਿ ਫ਼ਰੀਦਕੋਟ ਪੁਲੀਸ ਫਾਰਮੇਸੀ ਦਾ ਪੇਪਰ ਲੀਕ ਕਰਨ ਵਾਲੇ ਗਰੋਹ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ, ਜਿਸ ਖ਼ਿਲਾਫ਼ ਉਹ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਸਾਹਮਣੇ ਰੋਸ ਧਰਨਾ ਦੇਣਗੇ।
ਮਾਮਲੇ ਦੀ ਜਾਂਚ ਜਾਰੀ: ਡੀ ਐੱਸ ਪੀ
ਡੀ ਐੱਸ ਪੀ ਅਤੇ ਪੜਤਾਲ ਦੇ ਨੋਡਲ ਅਫਸਰ ਤਰਲੋਚਨ ਸਿੰਘ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਤੋਂ ਵਸੂਲੇ ਲੱਖਾਂ ਰੁਪਏ, ਸਕਿਉਰਿਟੀ ਚੈੱਕ ਅਤੇ ਲਾਈਵ ਪੇਪਰ ਲੀਕ ਕਰਨ ਲਈ ਵਰਤੇ ਯੰਤਰਾਂ ਬਰਾਮਦਗੀ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

