Ammy Virk Firing: ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

Ammy Virk Firing: ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਵੈਨਕੂਵਰ : ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ ਵਾਲੀ ਕਾਰ ’ਤੇ ਗੋਲੀਆਂ ਦਾਗੀਆਂ ਗਈਆਂ, ਪਰ ਉਸ ਦੇ ਸਮੇਤ ਚਾਰ ਸਵਾਰ ਵਾਲ ਵਾਲ ਬਚ ਗਏ। ਗੋਲੀਆਂ ਦੇ ਨਿਸ਼ਾਨ ਸ਼ੀਸ਼ੇ ਉੱਤੇ ਦਿਖਾਈ ਦਿੱਤੇ, ਪਰ ਕਾਰ ਰੌਲਜ ਰੌਇਸ ਕੰਪਨੀ ਦੀ ਹੋਣ ਕਰਕੇ ਗੋਲੀਆਂ ਅੰਦਰ ਨਹੀਂ ਲੰਘ ਸਕੀਆਂ। ਜਾਣਕਾਰੀ ਅਨੁਸਾਰ ਐਮੀ ਵਿਰਕ ਉੱਥੋਂ ਥੋੜੀ ਦੂਰ ਆਪਣਾ ਸ਼ੋਅ ਕਰਕੇ ਆਪਣੇ ਦੋਸਤਾਂ ਨਾਲ ਜਾ ਰਿਹਾ ਸੀ। ਪੁਲੀਸ ਪਤਾ ਲਾ ਰਹੀ ਹੈ ਕਿ ਹਮਲਾ ਕਿਸ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਪੁਲੀਸ ਨੇ ਹਮਲਾ ਹੋਣ ਦੀ ਪੁਸ਼ਟੀ ਤਾਂ ਕੀਤੀ, ਪਰ ਨਿੱਜਤਾ ਕਾਰਨ ਕਾਰ ਸਵਾਰਾਂ ਦੀ ਪਛਾਣ ਦੱਸਣ ਤੋਂ ਗੁਰੇਜ ਕੀਤਾ। ਪਤਾ ਲੱਗਾ ਹੈ ਕਿ ਗਾਇਕ ਦੇ ਸਾਥੀਆਂ ਚੋਂ ਇੱਕ ਉੱਤੇ ਪਹਿਲਾਂ ਵੀ  ਗੋਲੀਬਾਰੀ ਹੋਈ ਚੁੱਕੀ ਹੈ, ਪਰ ਉਸਦਾ ਬਚਾਅ ਹੋ ਗਿਆ ਸੀ ਰਿਹਾ।  ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੀ ਮਕੱਲਮ ਰੋਡ ਅਤੇ ਸਊਥ ਫ਼ਰੇਜ਼ਰ ਵੇਅ ਨੇੜੇ ਜਾਂਦੀ ਕਾਰ ’ਤੇ ਨੋੜਿਓਂ ਗੋਲੀਬਾਰੀ ਕੀਤੀ ਗਈ ਅਤੇ ਬਾਅਦ ਵਿੱਚ ਗੋਲੀਬਾਰੀ ਲਈ ਵਰਤੀ ਗਈ ਕਾਰ ਨੂੰ ਉੱਥੋਂ ਕੁਝ ਦੂਰੀ ’ਤੇ ਲਿਜਾ ਕੇ ਅੱਗ ਲਗਾ ਕੇ ਸਾੜ ਦਿੱਤਾ ਗਿਆ। ਕਾਰ ਸਾੜਨ ਦੀ ਕਾਰਵਾਈ ਬਦਮਾਸ਼ ਗਿਰੋਹਾਂ ਵਲੋਂ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਵਲੋਂ ਆਪਣੀ ਪਛਾਣ ਦੇ ਸਬੂਤ ਨਸ਼ਟ ਕਰਨ ਦਾ ਯਤਨ ਹੁੰਦਾ ਹੈ।

ਪੁਲੀਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਕਿਸੇ ਖਾਸ ਵਿਅਕਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈਆਂ, ਇਸਦਾ ਪਤਾ ਲਾਉਣ ਦਾ ਕੰਮ ਵਿਸ਼ੇਸ਼ ਪੁਲੀਸ ਦਲ ਨੂੰ ਸੌਂਪਿਆ ਗਿਆ ਹੈ। ਦੱਸਣਾ ਬਣਦਾ ਹੈ ਕਿ ਦੋ ਮਹੀਨੇ ਦੀ ਸ਼ਾਂਤੀ ਤੋਂ ਬਾਅਦ ਲੰਘੇ ਚਾਰ ਦਿਨਾਂ ’ਚ ਸਰੀ ਅਤੇ ਨੇੜਲੇ ਸ਼ਹਿਰਾਂ ਵਿੱਚ ਫਿਰ ਤੋਂ ਗੋਲੀਬਾਰੀ ਦੀਆਂ ਘਟਨਾਵਾਂ ਹੋਣ ਲੱਗੀਆਂ ਹਨ।

ਦੋ ਮਹੀਨੇ ਪਹਿਲਾਂ ਅਮਰੀਕਾ ਦੀ ਐਫ ਬੀ ਆਈ ਵਲੋਂ ਗਿਰੋਹ ਹਿੰਸਾ ਅਤੇ ਨਸ਼ਾ ਤਸਕਰੀ ਮਾਮਲਿਆਂ ਵਿੱਚ ਸ਼ਾਮਲ ਲੋਕਾਂ ਦੇ ਨਾਂਅ ਨਸ਼ਰ ਕੀਤੇ ਜਾਣ ਤੋਂ ਬਾਅਦ ਕੈਨੇਡਾ ਭਰ ਵਿੱਚ ਪੱਖੋਂ ਸ਼ਾਂਤੀ  ਰਹੀ ਤੇ ਲੋਕਾਂ ਦੇ ਮਨਾਂ ’ਚ ਵਸੀ ਦਹਿਸ਼ਤ ਹੌਲੀ ਹੌਲੀ ਘੱਟ ਹੋਣ ਲੱਗੀ ਸੀ। ਪਰ ਚਾਰ ਦਿਨਾਂ ਤੋਂ ਸਰੀ, ਐਬਸਫੋਰਡ ਅਤੇ ਡੈਲਟਾ ਵਿੱਚ ਵੱਖ ਵੱਖ ਥਾਵਾਂ ਉੱਤੇ ਗੋਲੀਬਾਰੀ ਦੀਆਂ ਪੰਜ ਘਟਨਾਵਾਂ ਵਾਪਰੀਆਂ ਹਨ। ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਇਸ ਦੌਰਾਨ ਐਮੀ ਵਿਰਕ ਦੇ ਦੋਸਤ ਨੇ ਉਸ ਨਾਲ ਫੋਨ ਸੰਪਰਕ ਕਰਾਉਣ ਦਾ ਯਤਨ ਕੀਤਾ, ਪਰ ਨੰਬਰ ਆਉਣ ਕਾਰਨ ਗੱਲ ਨਹੀਂ ਹੋ ਸਕੀ।

ਗੋਲੀਆਂ ਐਮੀ ਵਿਰਕ ਦੀ ਗੱਡੀ ’ਤੇ ਨਹੀਂ ਚੱਲੀਆਂ: ਪਿਤਾ ਕੁਲਜੀਤ ਸਿੰਘ

ਕੈਨੇਡਾ ਵਿੱਚ ਐਮੀ ਵਿਰਕ ਦੀ ਗੱਡੀ ਉੱਪਰ ਗੋਲੀਆਂ ਚੱਲਣ ਦੀ ਖਬਰ ਸੁਣ ਕੇ ਉਨ੍ਹਾਂ ਦਾ ਪਰਿਵਾਰ ਚਿੰਤਤ ਹੈ। ਵਿਰਕ ਦੇ ਪਿਤਾ ਕੁਲਜੀਤ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਇਹ ਖ਼ਬਰ ਸੁਣਕੇ ਐਮੀ ਨਾਲ ਸੰਪਰਕ ਕਰਨ ਲਈ ਯਤਨਸ਼ੀਲ ਹਨ ਪਰ ਅਜੇ ਗੱਲ ਨਹੀਂ ਹੋਈ। ਹਾਲਾਂਕਿ ਉਹਨਾਂ ਦੱਸਿਆ ਕਿ ਮੇਰੇ ਬੇਟੇ ਭਗਵੰਤ ਦੀ ਐਮੀ ਨਾਲ ਰੋਜ਼ਾਨਾ ਗੱਲ ਹੁੰਦੀ ਹੈ ਅਤੇ ਉਸ ਨੇ ਦੱਸਿਆ ਹੈ ਕਿ ਇਹ ਹਮਲਾ ਐਮੀ ਦੀ ਗੱਡੀ ਉੱਪਰ ਨਹੀਂ ਹੋਇਆ ਬਲਕਿ ਉਸਦਾ ਸ਼ੋਅ ਕਰਾਉਣ ਵਾਲੀ ਪਾਰਟੀ ਉੱਪਰ ਹੋਇਆ ਹੈ। ਨਾਭਾ ਦੇ ਪਿੰਡ ਲੋਹਾਰ ਮਾਜਰਾ ਦੇ ਸਰਪੰਚ ਕੁਲਜੀਤ ਸਿੰਘ ਨੇ ਦੱਸਿਆ ਕਿ ਇਹ ਵਾਕਾ ਐਤਵਾਰ ਦਾ ਦੱਸਿਆ ਜਾ ਰਿਹਾ ਹੈ ਅਤੇ ਐਮੀ ਵਿਰਕ ਸੁਰੱਖਿਅਤ ਹੈ। ਉਸ ਦੀ ਕਿਸੇ ਨਾਲ ਕੋਈ ਲੜਾਈ ਨਹੀਂ।

Share: