ਅੰਬਾਲਾ : ਪਿੰਡ ਧੂਲਕੋਟ( ਅੰਬਾਲਾ)ਵਿੱਚ ਬੀਤੀ ਦੇਰ ਸ਼ਾਮ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਤਿੰਨ ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਦੀ ਤੀਜੀ ਮੰਜ਼ਿਲ ਦਾ ਲੈਂਟਰ ਪਾਉਣ ਦੌਰਾਨ ਪੂਰੀ ਇਮਾਰਤ ਹੀ ਡਗ ਮਗਾ ਕੇ ਡਿੱਗ ਗਈ। ਹਾਦਸੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਘਟਨਾ ਸਮੇਂ ਇਮਾਰਤ ਵਿੱਚ ਕਰੀਬ 40 ਤੋਂ 50 ਮਜ਼ਦੂਰ ਕੰਮ ਕਰ ਰਹੇ ਸਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲੀਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਰਾਹਤ ਤੇ ਬਚਾਅ ਟੀਮਾਂ ਸਮੇਤ ਮੌਕੇ ’ਤੇ ਪਹੁੰਚ ਗਏ। ਜੇਸੀਬੀ ਅਤੇ ਹੋਰ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਅਧਿਕਾਰੀਆਂ ਦੀ ਮੁੱਖ ਤਰਜੀਹ ਮਲਬੇ ਹੇਠ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਅਤੇ ਜ਼ਖ਼ਮੀਆਂ ਨੂੰ ਤੁਰੰਤ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣਾ ਹੈ। ਮਿਤ੍ਰਕਾਂ ਦੀ ਪਹਿਚਾਣ ਰਾਜਿੰਦਰ ਵਾਸੀ ਸੋਂਡਾਂ (ਅੰਬਾਲਾ ), ਕਾਲੀਆ ਵਾਸੀ ਬਾਰਾਬੰਕੀ (ਯੂਪੀ), ਸ਼ਾਸਤਰੀ ਵਾਸੀ ਬਹਿਰਾਈਚ (ਯੂਪੀ ) ਰੂਪ ਸਿੰਘ ਵਾਸੀ ਡੰਗਡੇਹਰਾ ਨੇੜੇ ਲਾਲੜੂ ਵਜੋਂ ਹੋਈ ਹੈ। ਸਥਾਨਕ ਲੋਕਾਂ ਅਤੇ ਡਾਇਲ 112 ਦੀਆਂ ਟੀਮਾਂ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰਦਿਆਂ ਮਲਬੇ ਵਿੱਚੋਂ ਕੱਢ ਕੇ 10 ਜ਼ਖ਼ਮੀ ਮਜ਼ਦੂਰਾਂ ਨੂੰ ਸਿਵਲ ਹਸਪਤਾਲ, ਅੰਬਾਲਾ ਸ਼ਹਿਰ ਪਹੁੰਚਾਇਆ। ਇਨ੍ਹਾਂ ਵਿੱਚ ਫੂਲਨ ਕੁਮਾਰ (27), ਅਸ਼ੋਕ ਕੁਮਾਰ (50), ਵੇਦ ਪ੍ਰਕਾਸ਼ (53), ਬ੍ਰਿਜੇਸ਼ (22), ਰੁਪੇਸ਼ (28), ਰਾਜੇਸ਼ (40), ਮੰਤੋਸ਼ ਸਿੰਘ (42), ਰਾਮਗੋਪਾਲ (28) ਅਤੇ ਰਾਜੇਸ਼ (25) ਸਮੇਤ ਹੋਰ ਸ਼ਾਮਲ ਹਨ। ਹਸਪਤਾਲ ਵਿੱਚ ਜ਼ਖ਼ਮੀਆਂ ਦਾ ਡਾਕਟਰਾਂ ਦੀ ਨਿਗਰਾਨੀ ਹੇਠ ਇਲਾਜ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੇ ਇੱਕ ਨਾਮੀ ਪ੍ਰਾਪਰਟੀ ਡੀਲਰ ਵੱਲੋਂ ਇੱਥੇ ਤਿੰਨ ਮੰਜ਼ਿਲਾ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ। ਸਥਾਨਕ ਲੋਕਾਂ ਅਨੁਸਾਰ ਇੱਥੇ ਗੋਦਾਮ ਬਣਾਉਣ ਦਾ ਕੰਮ ਚੱਲ ਰਿਹਾ ਸੀ। ਹਾਲਾਂਕਿ ਇਮਾਰਤ ਦਾ ਨਿਰਮਾਣ ਅਧਿਕਾਰਤ ਮਨਜ਼ੂਰੀ ਨਾਲ ਹੋ ਰਿਹਾ ਸੀ ਜਾਂ ਨਹੀਂ, ਇਸ ਸਬੰਧੀ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ।
ਹਾਦਸੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲੀਸ, ਪ੍ਰਸ਼ਾਸਨ ਅਤੇ ਬਚਾਅ ਟੀਮਾਂ ਵੱਲੋਂ ਮਲਬਾ ਹਟਾਉਣ ਦਾ ਕੰਮ ਲਗਾਤਾਰ ਜਾਰੀ ਹੈ। ਅਧਿਕਾਰੀਆਂ ਮੁਤਾਬਕ ਰਾਹਤ ਤੇ ਬਚਾਅ ਕਾਰਜ ਪੂਰੇ ਹੋਣ ਤੋਂ ਬਾਅਦ ਇਮਾਰਤ ਡਿੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ।

