US Visa Cancellations: ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ 1.75 ਲੱਖ ਵੀਜ਼ੇ ਰੱਦ

US Visa Cancellations: ਡੋਨਲਡ ਟਰੰਪ ਪ੍ਰਸ਼ਾਸਨ ਵੱਲੋਂ 1.75 ਲੱਖ ਵੀਜ਼ੇ ਰੱਦ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਵਿਭਾਗ ਨੇ ਅੱਜ ਕਿਹਾ ਕਿ ਉਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਵਿਦੇਸ਼ੀ ਨਾਗਰਿਕਾਂ ਦੇ 1,75,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਇਹ ਵਿਭਾਗ ਇਮੀਗ੍ਰੇਸ਼ਨ ਵਿਰੁੱਧ ਸਖ਼ਤ ਕਾਰਵਾਈ ਨੂੰ ਜਾਰੀ ਰੱਖ ਰਿਹਾ ਹੈ ਜਿਸ ਤਹਿਤ ਹਜ਼ਾਰਾਂ ਹੋਰ ਲੋਕਾਂ ਤੋਂ ਯਾਤਰਾ ਅਤੇ ਇਮੀਗ੍ਰੇਸ਼ਨ ਦੇ ਅਧਿਕਾਰ ਖੋਹ ਲਏ ਗਏ ਹਨ। ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਵੀਜ਼ੇ ਰੱਦ ਕਰਨ ਦੀ ਕਾਰਵਾਈ ਉਨ੍ਹਾਂ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਜਿਨ੍ਹਾਂ ਨੇ ਆਪਣੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ, ਅਪਰਾਧ ਕੀਤੇ, ਅਮਰੀਕੀ ਨਾਗਰਿਕਾਂ ਵਿਰੁੱਧ ਹਿੰਸਾ ਲਈ ਉਕਸਾਇਆ, ਅਮਰੀਕੀਆਂ ਨਾਲ ਧੋਖਾਧੜੀ ਕੀਤੀ, ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕੀਤੀ ਜਾਂ ਕੌਮੀ ਸੁਰੱਖਿਆ ਨੂੰ ਖਤਰਾ ਪੈਦਾ ਕੀਤਾ। ਅਮਰੀਕਾ ਦੇ  ਵਿਦੇਸ਼ ਵਿਭਾਗ ਨੇ ਕਿਹਾ ਕਿ ਇਹ ਵੀਜ਼ੇ ਲਗਾਤਾਰ ਚੈਕਿੰਗ ਮੁਹਿੰਮਾਂ ਤਹਿਤ ਰੱਦ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੀਜ਼ਾ ਪ੍ਰਾਪਤ ਕਰਨ ਵਾਲੇ ਆਪਣੇ ਨਿਯਮਾਂ ਦੀ ਪਾਲਣਾ ਕਰਨ ਅਤੇ ਅਮਰੀਕੀ ਨਾਗਰਿਕਾਂ ਲਈ ਖ਼ਤਰਾ ਨਾ ਬਣਨ। ਵਿਭਾਗ ਮੁਤਾਬਕ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਰੱਦ ਕੀਤੇ ਗਏ ਹਨ ਜਿਨ੍ਹਾਂ ਨੇ ਵੀਜ਼ਾ ਸ਼ਰਤਾਂ ਦੀ ਉਲੰਘਣਾ ਕੀਤੀ, ਅਪਰਾਧ ਕੀਤੇ, ਅਮਰੀਕੀ ਨਾਗਰਿਕਾਂ ਵਿਰੁੱਧ ਹਿੰਸਾ ਦਾ ਸੱਦਾ ਦਿੱਤਾ, ਅਮਰੀਕੀਆਂ ਨਾਲ ਧੋਖਾਧੜੀ ਕੀਤੀ ਜਾਂ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾਇਆ। ਹਾਲਾਂਕਿ, ਦੇਸ਼-ਵਾਰ ਵੀਜ਼ਾ ਰੱਦ ਹੋਣ ਦਾ ਵੇਰਵਾ ਤੁਰੰਤ ਉਪਲਬਧ ਨਹੀਂ ਕਰਵਾਇਆ ਗਿਆ।

ਵਿਦੇਸ਼ ਵਿਭਾਗ ਨੇ ਕਿਹਾ ਕਿ ਅਮਰੀਕੀ ਵੀਜ਼ਾ ਕੋਈ ਅਧਿਕਾਰ ਨਹੀਂ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵੀਜ਼ੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਹਮਣੇ ਆਏ ਅਪਰਾਧਿਕ ਮਾਮਲਿਆਂ ਕਾਰਨ ਰੱਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮਾਰਕੁੱਟ, ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣਾ, ਚੋਰੀ ਅਤੇ ਨਸ਼ੀਲੇ ਪਦਾਰਥਾਂ ਨਾਲ ਜੁੜੇ ਅਪਰਾਧ ਮੁੱਖ ਹਨ। ਇਸ ਤੋਂ ਇਲਾਵਾ ਲਾਪਰਵਾਹੀ ਨਾਲ ਗੱਡੀ ਚਲਾਉਣ, ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ, ਧੋਖਾਧੜੀ ਅਤੇ ਗਬਨ ਦੇ ਮਾਮਲਿਆਂ ਵਿੱਚ ਵੀ ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਕੀਤੇ ਗਏ ਹਨ।

ਗੰਭੀਰ ਅਪਰਾਧਾਂ ਅਤੇ ਵਿਦੇਸ਼ੀ ਨੀਤੀ ਦੇ ਆਧਾਰ ’ਤੇ ਕੀਤੀ ਕਾਰਵਾਈ

ਵਿਦੇਸ਼ ਵਿਭਾਗ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੇ ਵੀਜ਼ੇ ਰੱਦ ਕੀਤੇ ਗਏ ਹਨ, ਉਨ੍ਹਾਂ ਵਿੱਚ ਇੱਕ ਅਜਿਹਾ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹੈ ਜਿਸ ਉੱਤੇ ਜਬਰ ਜਨਾਹ ਅਤੇ ਮਾਨਸਿਕ ਤੌਰ ’ਤੇ ਅੰਗਹੀਣ ਪੀੜਤਾ ਨਾਲ ਜਿਨਸੀ ਅਪਰਾਧ ਦਾ ਗੰਭੀਰ ਦੋਸ਼ ਸੀ। ਇਸ ਤੋਂ ਇਲਾਵਾ ਕਿਡਨੈਪਿੰਗ, ਮਨੁੱਖੀ ਤਸਕਰੀ ਅਤੇ ਨਾਬਾਲਗ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਵਿਅਕਤੀ ਦਾ ਵੀਜ਼ਾ ਵੀ ਰੱਦ ਕੀਤਾ ਗਿਆ ਹੈ। ਵਿਭਾਗ ਨੇ ‘ਬਰਥ ਟੂਰਿਜ਼ਮ’ (ਬੱਚਾ ਪੈਦਾ ਕਰਨ ਲਈ ਅਮਰੀਕਾ ਆਉਣ) ਦੇ ਮੁੱਦੇ ‘ਤੇ ਵੀ ਕਾਰਵਾਈ ਕੀਤੀ ਹੈ ਅਤੇ ਉੱਤਰੀ ਅਫਰੀਕਾ ਵਿੱਚ ਸਥਿਤ ਇੱਕ ਅਮਰੀਕੀ ਦੂਤਾਵਾਸ ਨੇ ਅਜਿਹੇ ਮਾਪਿਆਂ ਦੇ 100 ਤੋਂ ਵੱਧ ਵੀਜ਼ੇ ਰੱਦ ਕੀਤੇ ਹਨ ਜੋ ਸਿਰਫ਼ ਇਸ ਲਈ ਅਮਰੀਕਾ ਆਏ ਸਨ ਤਾਂ ਜੋ ਉਨ੍ਹਾਂ ਦੇ ਬੱਚੇ ਨੂੰ ਅਮਰੀਕੀ ਨਾਗਰਿਕਤਾ ਮਿਲ ਸਕੇ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਤੈਅ ਕੀਤਾ ਹੈ ਕਿ ਕਈ ਵਿਦੇਸ਼ੀ ਨਾਗਰਿਕ ਵਿਦੇਸ਼ੀ ਨੀਤੀ ਦੇ ਆਧਾਰ ’ਤੇ ਦੇਸ਼ ਨਿਕਾਲੇ ਦੇ ਯੋਗ ਹਨ। ਇਨ੍ਹਾਂ ਵਿੱਚ ਕਿਊਬਾ ਦੀ ਕਮਿਊਨਿਸਟ ਸਰਕਾਰ ਨਾਲ ਜੁੜਿਆ ਇੱਕ ਕਿਊਬਾ ਦਾ ਨਾਗਰਿਕ, ਇਰਾਨੀ ਸ਼ਾਸਨ ਨਾਲ ਸਬੰਧ ਰੱਖਣ ਵਾਲੇ ਇਰਾਨੀ ਨਾਗਰਿਕ ਆਦਿ ਹਨ।

Share: