ਸੜਕ ਹਾਦਸੇ ’ਚ ਪੰਜਾਬੀ ਮੂਲ ਦੀ ਜੇਲ੍ਹ ਵਾਰਡਨ ਸਮੇਤ ਤਿੰਨ ਮੌਤਾਂ

ਸੜਕ ਹਾਦਸੇ ’ਚ ਪੰਜਾਬੀ ਮੂਲ ਦੀ ਜੇਲ੍ਹ ਵਾਰਡਨ ਸਮੇਤ ਤਿੰਨ ਮੌਤਾਂ

ਵੈਨਕੂਵਰ : ਅਲਬਰਟਾ ’ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੀ ਜੇਲ੍ਹ ਵਾਰਡਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬਾਅਦ ਦੁਪਹਿਰ ਐਡਮਿੰਟਨ ਜੇਲ੍ਹ ਵਿਭਾਗ ਦੇ ਇੱਕ ਵਾਹਨ ਵਿੱਚ ਕੈਦੀ ਨੂੰ ਲਿਜਾਇਆ ਜਾ ਰਿਹਾ ਸੀ, ਜਿਸ ਦੀ ਇੱਕ ਹੋਰ ਵਾਹਨ ਨਾਲ ਸਿੱਧੀ ਟੱਕਰ ਹੋ ਗਈ। ਜਿਸ ਕਾਰਨ ਐਡਮਿੰਟਨ ਇੰਸਟੀਚਿਊਸ਼ਨ ਫਾਰ ਵੂਮੈਨ ਨਾਲ ਸਬੰਧਤ ਸੁਧਾਰ ਅਧਿਕਾਰੀ ਨਿਕੋਲੇ (ਨਿਕ) ਸਰਬਨ ਅਤੇ ਰਮਨਦੀਪ ਕੌਰ ਮਾਨ ਅਤੇ ਹਿਰਾਸਤੀ ਕਿਆਰਾ ਮੂਸਵਾ ਦੀ ਮੌਤ ਹੋ ਗਈ।

ਮ੍ਰਿਤਕਾਂ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁੜ੍ਹੇ ਦੀ ਰਹਿਣ ਵਾਲੀ 24 ਸਾਲਾ ਰਮਨਦੀਪ ਕੌਰ ਮਾਨ ਵੀ ਸ਼ਾਮਲ ਹੈ। ਰਮਨਦੀਪ ਕੁਝ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਸੀ। ਮੈਨੀਟੋਬਾ ਤੋਂ ਪੜ੍ਹਾਈ ਪੂਰੀ ਕਰਨ ਮਗਰੋਂ ਉਹ ਕਰੀਬ ਇੱਕ ਸਾਲ ਪਹਿਲਾਂ ਐਡਮਿੰਟਨ ਰਹਿਣ ਲੱਗ ਪਈ ਸੀ। ਖੇਡਾਂ ਵਿੱਚ ਵੀ ਰੁਚੀ ਰੱਖਣ ਵਾਲੀ ਰਮਨਦੀਪ ਨੂੰ ਕਰੀਬ ਛੇ ਮਹੀਨੇ ਪਹਿਲਾਂ ਹੀ ਜੇਲ੍ਹ ਵਿਭਾਗ (ਕਰੈਕਸ਼ਨਲ ਸਰਵਿਸਿਜ਼ ਕੈਨੇਡਾ) ਵਿੱਚ ਵਾਰਡਨ ਵਜੋਂ ਨੌਕਰੀ ਮਿਲੀ ਸੀ। ਵਾਹਨਾਂ ਦੀ ਟੱਕਰ ਕਾਰਨ ਜ਼ਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਪਰ ਹਾਦਸੇ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਕਰੈਕਸ਼ਨਲ ਸਰਵਿਸ ਆਫ਼ ਕੈਨੇਡਾ ਦੇ ਕਮਿਸ਼ਨਰ ਨੇ ਦੋਵਾਂ ਅਧਿਕਾਰੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਆਰਾ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ ਹੈ।

Share: