ਨਵੀਂ ਦਿੱਲੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਅਤੇ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਨੂੰ ‘ਜੋਕਰਾਂ ਦਾ ਟੋਲਾ’ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਅਤੇ ਉਨ੍ਹਾਂ ਦੇ ਅਡਾਨੀ-ਅੰਬਾਨੀ ਨਾਲ ਸਬੰਧਾਂ ’ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਦੋਂ ਤੱਕ ਚੈਨ ਨਾਲ ਨਹੀਂ ਸੌਣ ਦੇਣਗੀਆਂ ਜਦੋਂ ਤੱਕ ਉਹ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਨਹੀਂ ਦੇ ਦਿੰਦੇ।
ਇੱਥੇ ਰਚਨਾਤਮਕ ਕਾਂਗਰਸ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਦੀ ਵਿਦੇਸ਼ ਨੀਤੀ ਸਿਰਫ਼ ਆਗੂਆਂ ਨੂੰ ਗਲ਼ੇ ਲਾਉਣ ਤੱਕ ਸੀਮਤ ਹੈ ਅਤੇ ਉਨ੍ਹਾਂ ਨੂੰ ਮੁਲਕ ਦੇ ਅਸਲ ਇਤਿਹਾਸ ਦੀ ਕੋਈ ਸਮਝ ਨਹੀਂ ਹੈ। ਉਨ੍ਹਾਂ ਰਚਨਾਤਮਕ ਕਾਂਗਰਸ ਦੇ ਮੁਖੀ ਸੰਦੀਪ ਦੀਕਸ਼ਿਤ ਨੂੰ ਗਲ਼ੇ ਲਾ ਕੇ ਮੌਜੂਦਾ ਸਰਕਾਰ ਦੀ ਵਿਦੇਸ਼ ਨੀਤੀ ਦਾ ਮਖੌਲ ਉਡਾਇਆ। ਉਨ੍ਹਾਂ ਦਾਅਵਾ ਕੀਤਾ ਕਿ ਸੰਘ ਦੀ ਅਸਲ ਤਾਕਤ ਖ਼ਤਮ ਹੋ ਚੁੱਕੀ ਹੈ ਅਤੇ ਉਹ ਵੱਡੀਆਂ ਪੂੰਜੀਵਾਦੀ ਤਾਕਤਾਂ ਯਾਨੀ ਅਡਾਨੀ ਅਤੇ ਅੰਬਾਨੀ ਦਾ ਹਥਿਆਰ ਬਣ ਚੁੱਕੀ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਆਵਾਜ਼ ਦਬਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਬਿਨਾਂ ਕਿਸੇ ਨਫ਼ਰਤ ਜਾਂ ਹਿੰਸਾ ਦੇ ਮੋਦੀ ਸਰਕਾਰ ’ਤੇ ਆਪਣਾ ਦਬਾਅ ਬਣਾਈ ਰੱਖੇਗੀ। ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਵਿਅੰਗ ਕਰਦਿਆਂ ਕਿਹਾ ਕਿ ਉਹ ਮੀਡੀਆ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਕੌਮੀ ਭਾਵਨਾ ਦਾ ਮਤਲਬ ‘ਜੋਕਰਾਂ ਦੇ ਟੋਲੇ ਨੂੰ ਸਾਡੇ ਉੱਤੇ ਆਪਣਾ ਹੁਕਮ ਚਲਾਉਣ’ ਦੀ ਖੁੱਲ੍ਹ ਨਾ ਦੇਣਾ ਹੈ।
