ਧਰਮਕੋਟ : ਅਦਾਕਾਰ ਯੋਗਰਾਜ ਸਿੰਘ ਦੀ ਮਸ਼ਹੂਰ ਪੰਜਾਬੀ ਫ਼ਿਲਮ ‘ਕਬਜ਼ਾ’ ਦੇ ਲੇਖਕ, ਨਿਰਮਾਤਾ ਅਤੇ ਨਿਰਦੇਸ਼ਕ ਮਨਜੀਤ ਸਰਾਂ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਹਨ। ਉਨ੍ਹਾਂ ਦੀ ਭੇਦਭਰੀ ਹਾਲਤ ਵਿੱਚ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਉਹ ਲੰਘੇ ਕੱਲ੍ਹ ਨਜ਼ਦੀਕੀ ਪਿੰਡ ਫਤਿਹਗੜ੍ਹ ਕੋਰੋਟਾਣਾ ਵਿੱਚ ਆਪਣੇ ਜੱਦੀ ਘਰੋਂ ਮ੍ਰਿਤਕ ਹਾਲਤ ਵਿੱਚ ਮਿਲੇ। ਮਨਜੀਤ ਸਰਾਂ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਨਾਲ ਕੈਨੇਡਾ ਰਹਿ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪੁੱਤਰ, ਧੀਆਂ ਅਤੇ ਪਤਨੀ ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਕੀਤਾ ਜਾਵੇਗਾ।
ਰਾਤ ਨੂੰ ਸੁੱਤੇ ਹੀ ਰਹਿ ਗਏ ਮਨਜੀਤ ਸਰਾਂ
ਪਿੰਡ ਵਿੱਚ ਰਹਿੰਦੇ ਉਨ੍ਹਾਂ ਦੇ ਭਰਾਵਾਂ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਜੀਤ ਸਰਾਂ ਪਿੰਡ ਦਾ ਗੇੜਾ ਲਾਉਣ ਆਏ ਸਨ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਵਾਪਸ ਮੁੜਨਾ ਸੀ। 2 ਅਗਸਤ ਯਾਨੀ ਲੰਘੇ ਕੱਲ੍ਹ ਜਦੋਂ ਉਹ ਰਾਤ ਨੂੰ ਸੁੱਤੇ ਤਾਂ ਦੇਰ ਤੱਕ ਨਹੀਂ ਉੱਠੇ। ਜਦੋਂ ਉਨ੍ਹਾਂ ਦੇ ਸੌਣ ਵਾਲੇ ਕਮਰੇ ਦਾ ਦਰਵਾਜ਼ਾ ਖੜਕਾਇਆ ਗਿਆ ਅਤੇ ਕੋਈ ਜਵਾਬ ਨਾ ਮਿਲਿਆ, ਤਾਂ ਦਰਵਾਜ਼ਾ ਤੋੜ ਕੇ ਦੇਖਿਆ ਗਿਆ। ਉਹ ਬੈੱਡ ਉੱਤੇ ਮ੍ਰਿਤਕ ਹਾਲਤ ਵਿੱਚ ਪਏ ਸਨ ਅਤੇ ਉਨ੍ਹਾਂ ਦੇ ਨੇੜੇ ਹੀ ਡਿਸਪ੍ਰਿਨ ਦੀਆਂ ਗੋਲੀਆਂ ਦਾ ਪੱਤਾ ਪਿਆ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਰਾਤ ਨੂੰ ਉਨ੍ਹਾਂ ਨੂੰ ਦਿਲ ਦੇ ਦਰਦ ਦੀ ਸ਼ਿਕਾਇਤ ਹੋਈ ਹੋਵੇਗੀ ਅਤੇ ਉਨ੍ਹਾਂ ਨੇ ਇਹ ਗੋਲੀਆਂ ਲਈਆਂ ਹੋਣਗੀਆਂ।
ਪੰਜਾਬੀ ਸਿਨੇਮਾ ਨੂੰ ਪਿਆ ਵੱਡਾ ਘਾਟਾ
ਉਨ੍ਹਾਂ ਦੇ ਸਾਥੀ ਰਹੇ ਪੰਜਾਬੀ ਫ਼ਿਲਮ ਨਿਰਦੇਸ਼ਕ ਦਰਸ਼ਨ ਬਾਵਾ ਨੇ ਦੱਸਿਆ ਕਿ ਮਨਜੀਤ ਸਰਾਂ ਦੀ ਪਹਿਲੀ ਕਾਮਯਾਬ ਫ਼ਿਲਮ ‘ਕਬਜ਼ਾ’ ਨੇ ਉਨ੍ਹਾਂ ਨੂੰ ਬੁਲੰਦੀਆਂ ਦੀ ਸਿਖਰ ਉੱਤੇ ਪਹੁੰਚਾ ਦਿੱਤਾ ਸੀ। ਉਕਤ ਫ਼ਿਲਮ ਵਿੱਚ ਯੋਗਰਾਜ ਸਿੰਘ ਅਤੇ ਰਜਿੰਦਰ ਰੂਬੀ ਨੇ ਯਾਦਗਾਰੀ ਰੋਲ ਨਿਭਾਏ ਸਨ। ਸਰਾਂ ਨੇ ਛੋਟੇ ਪਰਦੇ ਉੱਤੇ ਵੀ ਅਨੇਕਾਂ ਸ਼ਾਹਕਾਰ ਰਚਨਾਵਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਸਨ। ਉਨ੍ਹਾਂ ਦੱਸਿਆ ਕਿ ਇਸ ਵਾਰ ਉਹ ਸਰਾਂ ਨੂੰ ਮਿਲ ਨਹੀਂ ਸਕੇ ਸਨ, ਜਿਸ ਦਾ ਉਨ੍ਹਾਂ ਨੂੰ ਹਮੇਸ਼ਾ ਮਲਾਲ ਰਹੇਗਾ। ਫੋਨ ਉੱਤੇ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਥੋੜ੍ਹੀ ਬਿਮਾਰੀ ਦਾ ਜ਼ਿਕਰ ਕੀਤਾ ਸੀ।
ਸਾਹਿਤਕ ਅਤੇ ਕਲਾ ਜਗਤ ਵਿੱਚ ਸੋਗ ਦੀ ਲਹਿਰ
ਉੱਘੇ ਲੇਖਕ ਅਤੇ ਪੰਜਾਬੀ ਸਾਹਿਤਕਾਰ ਗੁਰਮੀਤ ਕੜਿਆਲਵੀ, ਅਮਰੀਕ ਤਲਵੰਡੀ, ਸੁਰਜੀਤ ਸਿੰਘ ਕਾਉਂਕੇ ਅਤੇ ਪਰਮਜੀਤ ਸਿੰਘ ਚੂਹੜ ਚੱਕ ਨੇ ਮਨਜੀਤ ਸਰਾਂ ਦੀ ਮੌਤ ਉੱਤੇ ਪਰਿਵਾਰ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਸਾਹਿਤਕ ਸਾਥੀਆਂ ਨੂੰ ਉਨ੍ਹਾਂ ਦੇ ਤੁਰ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।

