ਧਰਮਕੋਟ : ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਕਾਕਾ ਲੋਹਗੜ੍ਹ ਦੇ ਨਿੱਜੀ ਸਹਾਇਕ ਸੋਹਨ ਸਿੰਘ ਖੇਲਾ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਉੱਤੇ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਵਿਕਾਸ ਦੇ ਦਾਅਵੇ ਨੂੰ ਨਕਾਰਿਆ ਹੈ। ਆਪਣੇ ਫੇਸਬੁੱਕ ਪੇਜ ਉੱਤੇ ਪਾਈ ਵੀਡੀਓ ਵਿੱਚ ਕਾਂਗਰਸ ਆਗੂ ਖੇਲਾ ਨੇ ਕਿਹਾ ਕਿ ਤਤਕਾਲੀ ਕਾਂਗਰਸ ਸਰਕਾਰ ਸਮੇਂ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਦੀ ਰਹਿਨੁਮਾਈ ਹੇਠ ਪਿੰਡ ਜਲਾਲਾਬਾਦ ਪੂਰਬੀ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਦਾ ਸੁੰਦਰੀਕਰਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਬਕਾ ਸਰਪੰਚ ਅਮਰਜੀਤ ਸਿੰਘ ਖੇਲਾ ਦੀ ਅਗਵਾਈ ਹੇਠ ਪੰਚਾਇਤ ਅਤੇ ਦਾਨੀ ਸੱਜਣਾਂ ਵੱਲੋਂ ਸਕੂਲ ਦੀ ਨਵੀਂ ਇਮਾਰਤ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਕੇ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਰਵਾਇਆ ਗਿਆ ਸੀ, ਜਿਸ ਦੀ ਸੁੰਦਰ ਦਿੱਖ ਅੱਜ ਵੀ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲੰਘੇ ਵਰ੍ਹੇ ਸਿਰਫ਼ ਦੋ ਨਵੇਂ ਕਮਰੇ ਹੀ ਤਿਆਰ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਕੂਲ ਅੰਦਰ ਲੰਘੇ ਸਾਢੇ ਚਾਰ ਸਾਲਾਂ ਦੌਰਾਨ ਪੰਜ ਨੀਂਹ ਪੱਥਰ ਰੱਖੇ ਜਾ ਚੁੱਕੇ ਹਨ ਅਤੇ ਹੁਣ ਸਕੂਲ ਦਾ ਰੰਗ ਬਦਲ ਕੇ ਇਸ ਉੱਪਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਬੋਰਡ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨੂੰ ਪਿੰਡ ਵਾਸੀ ਹਰਗਜ਼ ਬਰਦਾਸ਼ਤ ਨਹੀਂ ਕਰਨਗੇ। ਵਿਕਾਸ ਦੇ ਝੂਠੇ ਅਤੇ ਗ਼ਲਤ ਦਾਅਵੇ ਕਰਨ ਵਾਲੀ ਸਰਕਾਰ ਤੋਂ ਲੋਕਾਂ ਦਾ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਵੇਗਾ।
Posted inMoga
ਜਲਾਲਾਬਾਦ ਦੇ ਸਕੂਲ ’ਤੇ ਗਰਮਾਈ ਸਿਆਸਤ: ‘ਆਪ’ ਸਰਕਾਰ ’ਤੇ ਲੱਗੇ ਝੂਠੇ ਦਾਅਵੇ ਕਰਨ ਦੇ ਦੋਸ਼

