ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ; ਜਾਣੋ ਨਵੀਆਂ ਕੀਮਤਾਂ

ਵਪਾਰਕ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡੀ ਕਟੌਤੀ; ਜਾਣੋ ਨਵੀਆਂ ਕੀਮਤਾਂ

ਨਵੀਂ ਦਿੱਲੀ : ਦਿੱਲੀ ਵਿੱਚ 19 ਕਿਲੋਗ੍ਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰ ਦੀ ਕੀਮਤ 202 ਰੁਪਏ ਅਤੇ ਕੋਲਕਾਤਾ ਵਿੱਚ 209 ਰੁਪਏ ਘਟਾ ਦਿੱਤੀ ਗਈ ਹੈ, ਜੋ ਕਿ ਸ਼ਨਿਚਰਵਾਰ ਤੋਂ ਲਾਗੂ ਹੋ ਗਈ ਹੈ। ਵੇਰਵਿਆਂ ਅਨੁਸਾਰ ਕੋਲਕਾਤਾ ਵਿੱਚ ਅੱਜ ਤੋਂ 19 ਕਿਲੋਗ੍ਰਾਮ ਦਾ ਸਿਲੰਡਰ 2872.50 ਰੁਪਏ ਦਾ ਮਿਲੇਗਾ। ਜਦਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਦੇ ਵਪਾਰਕ ਐਲ.ਪੀ.ਜੀ. ਸਿਲੰਡਰਾਂ ਦੀ ਕੀਮਤ ਵਿੱਚ 183.50 ਰੁਪਏ ਦੀ ਕਟੌਤੀ ਕੀਤੀ ਸੀ, ਜਿਸ ਨਾਲ ਦਿੱਲੀ ਵਿੱਚ ਪਰਚੂਨ ਕੀਮਤ ਘਟ ਕੇ 2,930 ਰੁਪਏ ਪ੍ਰਤੀ ਸਿਲੰਡਰ ਹੋ ਗਈ ਸੀ। ਵਪਾਰਕ ਐਲ.ਪੀ.ਜੀ. ਦੀਆਂ ਦਰਾਂ ਵਿੱਚ ਕਟੌਤੀ ਤੋਂ ਇਲਾਵਾ ਤੇਲ ਮਾਰਕੀਟਿੰਗ ਕੰਪਨੀਆਂ ਨੇ 5 ਕਿਲੋਗ੍ਰਾਮ ਦੇ ਫ੍ਰੀ ਟ੍ਰੇਡ ਐਲ.ਪੀ.ਜੀ. (ਐੱਫ਼.ਟੀ.ਐੱਲ.) ਸਿਲੰਡਰ ਦੀ ਕੀਮਤ ਵੀ 13 ਰੁਪਏ ਘਟਾ ਦਿੱਤੀ ਹੈ। ਸੋਧ ਤੋਂ ਬਾਅਦ ਦਿੱਲੀ ਵਿੱਚ 5 ਕਿਲੋਗ੍ਰਾਮ ਦੇ ਐੱਫ਼.ਟੀ.ਐੱਲ. ਸਿਲੰਡਰ ਦੀ ਪਰਚੂਨ ਕੀਮਤ ਹੁਣ 808.50 ਰੁਪਏ ਹੋ ਗਈ ਹੈ।

ਵਪਾਰਕ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ ਤਾਜ਼ਾ ਕਟੌਤੀ ਹਾਲ ਹੀ ਦੇ ਮਹੀਨਿਆਂ ਵਿੱਚ ਕੀਮਤਾਂ ਵਿੱਚ ਹੋਏ ਕਈ ਬਦਲਾਅ ਤੋਂ ਬਾਅਦ ਆਈ ਹੈ। ਇਸ ਤੋਂ ਪਹਿਲਾਂ ਜੂਨ ਵਿੱਚ, ਘਰੇਲੂ ਐੱਲ.ਪੀ.ਜੀ. ਦੀਆਂ ਕੀਮਤਾਂ ਵਿੱਚ 29 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਸੀ ਜਦੋਂ ਕਿ ਦਿੱਲੀ ਵਿੱਚ 14.2 ਕਿਲੋਗ੍ਰਾਮ ਦੇ ਘਰੇਲੂ ਐਲ.ਪੀ.ਜੀ. ਸਿਲੰਡਰ ਦੀ ਕੀਮਤ 913 ਰੁਪਏ ਤੋਂ ਵਧ ਕੇ 942 ਰੁਪਏ ਹੋ ਗਈ ਸੀ।

ਤੇਲ ਕੰਪਨੀਆਂ ਨੇ ਪੱਛਮੀ ਏਸ਼ੀਆ ਵਿੱਚ ਸੰਘਰਸ਼ ਨਾਲ ਜੁੜੇ ਗਲੋਬਲ ਊਰਜਾ ਬਾਜ਼ਾਰਾਂ ਵਿੱਚ ਰੁਕਾਵਟਾਂ ਦੇ ਚੱਲਦਿਆਂ 7 ਮਾਰਚ ਨੂੰ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ 60 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਵੀ ਕੀਤਾ ਸੀ। ਅਪਰੈਲ ਵਿੱਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਦੇ ਵਿਚਕਾਰ ਮਹਾਨਗਰਾਂ ਵਿੱਚ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 195.50 ਰੁਪਏ ਦਾ ਵਾਧਾ ਕੀਤਾ ਸੀ। ਉਸ ਸੋਧ ਦੇ ਨਾਲ ਕੋਲਕਾਤਾ ਵਿੱਚ ਵਪਾਰਕ ਐਲ.ਪੀ.ਜੀ. ਦੀਆਂ ਕੀਮਤਾਂ ਵਧ ਕੇ 2,208 ਰੁਪਏ, ਮੁੰਬਈ ਵਿੱਚ 2,031 ਰੁਪਏ ਅਤੇ ਚੇਨਈ ਵਿੱਚ 2,246.50 ਰੁਪਏ ਹੋ ਗਈਆਂ ਸਨ।

ਵਪਾਰਕ ਐਲ.ਪੀ.ਜੀ. ਦੀਆਂ ਕੀਮਤਾਂ ਵਿੱਚ ਸੋਧ ਉਨ੍ਹਾਂ ਖੇਤਰਾਂ ਲਈ ਮਹੱਤਵਪੂਰਨ ਹੈ ਜੋ ਅਜਿਹੇ ਸਿਲੰਡਰਾਂ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ, ਜਿਸ ਵਿੱਚ ਖਾਣ-ਪੀਣ ਦੀਆਂ ਦੁਕਾਨਾਂ, ਕੇਟਰਿੰਗ ਸੇਵਾਵਾਂ ਅਤੇ ਛੋਟੇ ਕਾਰੋਬਾਰ ਸ਼ਾਮਲ ਹਨ, ਕਿਉਂਕਿ ਉਨ੍ਹਾਂ ਦੇ ਸੰਚਾਲਨ ਖਰਚਿਆਂ ਵਿੱਚ ਬਾਲਣ ਦਾ ਵੱਡਾ ਹਿੱਸਾ ਹੁੰਦਾ ਹੈ।

Share: