CTET Exam Clash: ਲੈਕਚਰਾਰ ਕੈਡਰ ਅਤੇ CTET ਦੀ ਪ੍ਰੀਖਿਆ ਇੱਕੋ ਦਿਨ; ਉਮੀਦਵਾਰਾਂ ’ਚ ਰੋਸ

CTET Exam Clash: ਲੈਕਚਰਾਰ ਕੈਡਰ ਅਤੇ CTET ਦੀ ਪ੍ਰੀਖਿਆ ਇੱਕੋ ਦਿਨ; ਉਮੀਦਵਾਰਾਂ ’ਚ ਰੋਸ

ਬਠਿੰਡਾ : ਲੈਕਚਰਾਰ ਕੈਡਰ ਦੀ ਪ੍ਰੀਖਿਆ ਅਤੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਇੱਕੋ ਦਿਨ 6 ਸਤੰਬਰ ਨੂੰ ਹੋਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਅਤੇ ਪ੍ਰੀਖਿਆਰਥੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਮੀਦਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਨੇ ਦੋਵੇਂ ਪ੍ਰੀਖਿਆਵਾਂ ਲਈ ਅਪਲਾਈ ਕੀਤਾ ਹੋਇਆ ਹੈ, ਪਰ ਤਾਰੀਖਾਂ ਵਿੱਚ ਟਕਰਾਅ ਕਾਰਨ ਉਨ੍ਹਾਂ ਨੂੰ ਕਿਸੇ ਇੱਕ ਪ੍ਰੀਖਿਆ ਤੋਂ ਵਾਂਝੇ ਰਹਿਣਾ ਪਵੇਗਾ। ਰਮਨਪ੍ਰੀਤ ਕੌਰ, ਮਣੀ ਸਹਿਗਲ, ਹਰਪ੍ਰੀਤ ਕੌਰ, ਹਿਮਾਨੀ, ਪਾਇਲ ਬਿਸ਼ਨੋਈ, ਕਿਰਨ ਸ਼ਰਮਾ ਅਤੇ ਬਲਵਿੰਦਰ ਕੁਮਾਰ ਨੇ ਕਿਹਾ ਕਿ 6 ਸਤੰਬਰ ਨੂੰ ਲੈਕਚਰਾਰ ਕੈਡਰ ਵਿੱਚ ਫਿਜ਼ਿਕਸ ਸਮੇਤ ਹਿੰਦੀ, ਪੰਜਾਬੀ ਅਤੇ ਹੋਰ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਹੋਣੀਆਂ ਹਨ, ਜਦਕਿ ਇਸੇ ਦਿਨ CTET ਦੀ ਪ੍ਰੀਖਿਆ ਵੀ ਨਿਰਧਾਰਤ ਹੈ। ਉਨ੍ਹਾਂ ਕਿਹਾ ਕਿ ਕਈ ਉਮੀਦਵਾਰਾਂ ਨੇ ਦੋਵੇਂ ਪ੍ਰੀਖਿਆਵਾਂ ਲਈ ਫਾਰਮ ਭਰੇ ਹਨ ਅਤੇ ਲੰਮੇ ਸਮੇਂ ਤੋਂ ਤਿਆਰੀ ਕਰ ਰਹੇ ਹਨ। ਉਮੀਦਵਾਰਾਂ ਨੇ ਕਿਹਾ ਕਿ ਲੈਕਚਰਾਰ ਕੈਡਰ ਅਤੇ CTET ਦੀਆਂ ਪ੍ਰੀਖਿਆਵਾਂ ਇੱਕੋ ਦਿਨ ਹੋਣ ਕਾਰਨ ਉਨ੍ਹਾਂ ਨੂੰ ਕਿਸੇ ਇੱਕ ਪ੍ਰੀਖਿਆ ਵਿੱਚੋਂ ਪਿੱਛੇ ਹਟਣਾ ਪਵੇਗਾ। ਇਸ ਨਾਲ ਉਨ੍ਹਾਂ ਦੀ ਮਹੀਨਿਆਂ ਦੀ ਮਿਹਨਤ ਅਤੇ ਅਧਿਆਪਕ ਵਜੋਂ ਰੁਜ਼ਗਾਰ ਹਾਸਲ ਕਰਨ ਦੇ ਮੌਕੇ ’ਤੇ ਸਿੱਧਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸਿਰਫ਼ ਇੱਕ-ਦੋ ਉਮੀਦਵਾਰਾਂ ਦੀ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਪ੍ਰੀਖਿਆਰਥੀਆਂ ਦੀ ਹੈ।

ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਦੀਆਂ ਤਾਰੀਖਾਂ ਤੈਅ ਕਰਦੇ ਸਮੇਂ ਹੋਰ ਕੌਮੀ ਪੱਧਰ ਦੀਆਂ ਪ੍ਰੀਖਿਆਵਾਂ ਦੇ ਸ਼ਡਿਊਲ ਨੂੰ ਵੀ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਮੀਦਵਾਰਾਂ ਨੇ ਕਿਹਾ ਕਿ ਲੈਕਚਰਾਰ ਕੈਡਰ ਦੀ ਪ੍ਰੀਖਿਆ ਦੀ ਤਾਰੀਖ ਬਦਲਣ ਨਾਲ ਇਸ ਤਾਰੀਖੀ ਟਕਰਾਅ ਨੂੰ ਦੂਰ ਕੀਤਾ ਜਾ ਸਕਦਾ ਹੈ ਅਤੇ ਉਮੀਦਵਾਰਾਂ ਨੂੰ ਦੋਵੇਂ ਪ੍ਰੀਖਿਆਵਾਂ ਦੇਣ ਦਾ ਮੌਕਾ ਮਿਲ ਸਕਦਾ ਹੈ। ਉਮੀਦਵਾਰਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਕਿ ਬੇਰੁਜ਼ਗਾਰ ਅਧਿਆਪਕਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਲੈਕਚਰਾਰ ਕੈਡਰ ਦੀ 6 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਦੀ ਤਾਰੀਖ ਬਦਲੀ ਜਾਵੇ, ਤਾਂ ਜੋ CTET ਅਤੇ ਲੈਕਚਰਾਰ ਕੈਡਰ ਦੀ ਪ੍ਰੀਖਿਆ ਦੇਣ ਵਾਲਾ ਕੋਈ ਵੀ ਉਮੀਦਵਾਰ ਇੱਕ ਮੌਕੇ ਤੋਂ ਵਾਂਝਾ ਨਾ ਰਹੇ।

Share: