ਰਾਂਚੀ : ਝਾਰਖੰਡ ਵਿੱਚ ਮੁਲਾਜ਼ਮ ਭਰਤੀ ਪ੍ਰੀਖਿਆਵਾਂ ’ਚ ਕਥਿਤ ਬੇਨਿਯਮੀਆਂ ਖ਼ਿਲਾਫ਼ ਭੁੱਖ ਹੜਤਾਲ ’ਤੇ ਬੈਠੇ ਜੇ ਐੱਲ ਕੇ ਐੱਮ ਆਗੂ ਦੇਵੇਂਂਦਰ ਮਹਿਤੋ ਸਮੇਤ ਛੇ ਵਿੱਚੋਂ ਤਿੰਨ ਮੁਜ਼ਾਹਰਾਕਾਰੀਆਂ ਨੇ, ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ 2014 ਤੋਂ ਬਾਅਦ ਕਿਸੇ ਬਾਹਰੀ ਏਜੰਸੀ ਰਾਹੀਂ ਕਰਵਾਈਆਂ ਸਾਰੀਆਂ ਭਰਤੀ ਪ੍ਰੀਖਿਆਵਾਂ ਨੂੰ ਰੱਦ ਕਰਨ ਦੇ ਐਲਾਨ ਤੋਂ ਬਾਅਦ, ਆਪਣਾ ਵਰਤ ਤੋੜ ਦਿੱਤਾ ਹੈ। ਦੱਸਣਯੋਗ ਹੈ ਕਿ 16 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਮਹਿਤੋ ਨੇ ਸੋਮਵਾਰ ਅੱਧੀ ਰਾਤ ਨੂੰ ਆਪਣਾ ਵਰਤ ਖ਼ਤਮ ਕਰ ਦਿੱਤਾ।
ਇਸੇ ਦੌਰਾਨ ਜੇ ਐੱਲ ਕੇ ਐੱਮ ਆਗੂ ਮਹਿਤੋ ਨੇ ਐਲਾਨ ਕੀਤਾ ਕਿ ਉਹ ਜਲਦੀ ਹੀ ਭਰਤੀ ਪ੍ਰਕਿਰਿਆ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਆਪਣੇ ਅੰਦੋਲਨ ਦਾ ਦੂਜਾ ਪੜਾਅ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਭਵਿੱਖ ਵਿੱਚ ਕੋਈ ਪੇਪਰ ਲੀਕ ਜਾਂ ਬੇਨਿਯਮੀ ਨਾ ਹੋਣ ਦੀ ਗਾਰੰਟੀ ਨਹੀਂ ਦਿੰਦੀ। ਜੇ ਪੀ ਐੱਸ ਸੀ-ਜੇ ਐੱਸ ਐੱਸ ਸੀ ਸੁਧਾਰ ਮੰਚ ਦੇ ਇੱਕ ਮੈਂਬਰ ਨੇ ਦੱਸਿਆ ਕਿ ਦੋ ਪ੍ਰਦਰਸ਼ਨਕਾਰੀਆਂ ਪ੍ਰੇਮ ਨਾਇਕ ਅਤੇ ਉੱਮੇ ਹਬੀਬਾ ਨੇ ਵੀ ਵਰਤ ਖ਼ਤਮ ਕਰ ਦਿੱਤਾ ਹੈ, ਜਦੋਂ ਕਿ ਤਿੰਨ ਹੋਰ ਰਾਹੁਲ ਕ੍ਰਾਂਤੀ, ਸਬਿਤਾ ਕੁਮਾਰੀ ਅਤੇ ਰੂਪੇਸ਼ ਪਾਲ ਦਾ ਵਰਤ ਅਜੇ ਜਾਰੀ ਹੈ। ਭਰਤੀ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ, ਪ੍ਰਦਰਸ਼ਨਕਾਰੀ ਹੁਣ ਰੋਸ ਮੁਜ਼ਾਹਰੇ ਨੂੰ ਖ਼ਤਮ ਕਰਨ ਬਾਰੇ ਕੋਈ ਫ਼ੈਸਲਾ ਲੈ ਸਕਦੇ ਹਨ। ਪ੍ਰੀਖਿਆਵਾਂ ਰੱਦ ਕਰਨ ਦਾ ਇਹ ਐਲਾਨ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਸੋਮਵਾਰ ਨੂੰ ਇੱਥੇ ਰਾਜ ਸਕੱਤਰੇਤ ਵਿੱਚ ਹੋਈ ਲੰਮੀ ਕੈਬਨਿਟ ਮੀਟਿੰਗ ਤੋਂ ਬਾਅਦ ਲਿਆ ਗਿਆ ਸੀ।
ਵਿਦਿਆਰਥੀਆਂ ਤੇ ਸਰਕਾਰ ਨੇ ਸਹੀ ਰਾਸਤਾ ਚੁਣਿਆ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੁਜ਼ਾਹਰਾਕਾਰੀ ਵਿਦਿਆਰਥੀਆਂ ਅਤੇ ਝਾਰਖੰਡ ਸਰਕਾਰ ਦਰਮਿਆਨ ਬਣੀ ਸਹਿਮਤੀ ਦੀ ਸ਼ਲਾਘਾ ਕੀਤੀ ਹੈ। ਇਹੀ ਸਹੀ ਰਾਸਤਾ ਹੈ।

