ਚੰਡੀਗੜ੍ਹ : ਹਰਿਆਣਾ ਵਿਚ ਭਰੂਣ ਦੀ ਜਾਣਕਾਰੀ ਦੇਣ ਦੇ ਮਾਮਲੇ ਦੇਸ਼ ਭਰ ਵਿਚੋਂ ਸਭ ਤੋਂ ਵੱਧ ਹਨ ਤੇ ਇੱਥੇ ਇਨ੍ਹਾਂ ਮਾਮਲਿਆਂ ਦੀ ਜਾਂਚ ਦੇ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਹ ਖੁਲਾਸਾ ਕੇਂਦਰ ਵੱਲੋਂ ਰਾਜ ਸਭਾ ਵਿਚ ਦਿੱਤੀ ਗਈ ਜਾਣਕਾਰੀ ਤੋਂ ਹੋਇਆ ਹੈ। ਦੇਸ਼ ਭਰ ਵਿੱਚ ਸਾਲ 2025 ਵਿੱਚ ਦਰਜ ਕੀਤੇ ਗਏ ਕੁੱਲ 83 ਭਰੂਣ ਜਾਂਚ ਦੇ ਮਾਮਲਿਆਂ ਵਿੱਚੋਂ 64 ਕੇਸ ਇਕੱਲੇ ਹਰਿਆਣਾ ਦੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿੱਚ ਲਗਪਗ ਹਰ ਛੇ ਦਿਨਾਂ ਬਾਅਦ ਭਰੂਣ ਜਾਂਚ ਦੇ ਇੱਕ ਗਰੋਹ ਦਾ ਪਰਦਾਫਾਸ਼ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਰਾਜ ਸਭਾ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸਾਲ 2023 ਤੋਂ 2025 ਦਰਮਿਆਨ ਹਰਿਆਣਾ ਵਿੱਚ ਭਰੂਣ ਦੀ ਜਾਣਕਾਰੀ ਦੇਣ ਦੇ 106 ਮਾਮਲੇ ਦਰਜ ਕੀਤੇ ਗਏ, ਜੋ ਕਿ ਦੇਸ਼ ਭਰ ਵਿੱਚ ਦਰਜ ਕੁੱਲ 184 ਮਾਮਲਿਆਂ ਦਾ 57.6 ਫੀਸਦੀ ਹੈ। ਇਸ ਮਾਮਲੇ ਵਿੱਚ ਗੁਜਰਾਤ 28 ਕੇਸਾਂ ਨਾਲ ਦੂਜੇ ਅਤੇ ਰਾਜਸਥਾਨ 11 ਕੇਸਾਂ ਨਾਲ ਤੀਜੇ ਸਥਾਨ ‘ਤੇ ਰਿਹਾ।
ਹਰਿਆਣਾ ਵਿੱਚ ਭਰੂਣ ਜਾਂਚ ਵਿਰੁੱਧ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। 16 ਜੁਲਾਈ ਨੂੰ ਰਾਜਸਥਾਨ ਪੁਲੀਸ ਨੇ ਸਿਰਸਾ ਦੇ ਡੱਬਵਾਲੀ ਤੋਂ ਇੱਕ ਵਿਚੋਲੇ ਨੂੰ ਗ੍ਰਿਫ਼ਤਾਰ ਕਰਕੇ ਇੱਕ ਨਿੱਜੀ ਹਸਪਤਾਲ ‘ਤੇ ਛਾਪਾ ਮਾਰਿਆ, ਜਿੱਥੇ ਰਾਜਸਥਾਨ ਤੋਂ ਲਿਆਂਦੀਆਂ ਗਰਭਵਤੀ ਔਰਤਾਂ ਦੀ ਭਰੂਣ ਦੀ ਜਾਂਚ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ 5 ਜੁਲਾਈ ਨੂੰ ਕਰਨਾਲ ਦੇ ਇੰਦਰੀ ਵਿੱਚ ਇੱਕ ਡਾਕਟਰ ਨੂੰ ਰੰਗੇ ਹੱਥੀਂ ਜਾਂਚ ਕਰਦੇ ਫੜਿਆ ਗਿਆ, ਜਦਕਿ 27 ਮਈ ਨੂੰ ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਛਾਪਾ ਮਾਰ ਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੱਕ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ। ਹਰਿਆਣਾ ਸਰਕਾਰ ਅਨੁਸਾਰ ਜਨਵਰੀ 2024 ਤੋਂ ਮਾਰਚ 2026 ਤੱਕ ਕੁੱਲ 84 ਛਾਪੇਮਾਰੀਆਂ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ 37 ਛਾਪੇ ਉੱਤਰ ਪ੍ਰਦੇਸ਼ ਵਿੱਚ ਮਾਰੇ ਗਏ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਪ੍ਰੋਗਰਾਮ ਦੇ ਸਾਬਕਾ ਪ੍ਰੋਜੈਕਟ ਕੋਆਰਡੀਨੇਟਰ ਜੀ.ਐੱਲ. ਸਿੰਗਲ ਨੇ ਦੱਸਿਆ ਕਿ ਸਖ਼ਤ ਨਿਗਰਾਨੀ ਕਾਰਨ ਸੂਬੇ ਵਿੱਚ 2015 ਤੋਂ ਹੁਣ ਤੱਕ 1,400 ਤੋਂ ਵੱਧ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ ਹਨ, ਪਰ ਹੁਣ ਉੱਤਰ ਪ੍ਰਦੇਸ਼ ਜਾਂਚ ਦਾ ਨਵਾਂ ਕੇਂਦਰ ਬਣ ਰਿਹਾ ਹੈ।
ਕੰਨਿਆ ਭਰੂਣ ਹੱਤਿਆ ਦੇ ਮਾਮਲੇ ਅਤੇ ਡਿੱਗਦਾ ਅਨੁਪਾਤ
ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (NCRB) ਦੇ 2022 ਤੋਂ 2024 ਤੱਕ ਦੇ ਅੰਕੜਿਆਂ ਅਨੁਸਾਰ, ਹਰਿਆਣਾ ਵਿੱਚ ਕੰਨਿਆ ਭਰੂਣ ਹੱਤਿਆ ਦੇ 19 ਮਾਮਲੇ ਸਾਹਮਣੇ ਆਏ, ਜਿਸ ਨਾਲ ਇਹ ਦੇਸ਼ ਵਿੱਚ ਚੌਥੇ ਨੰਬਰ ‘ਤੇ ਹੈ। ਇਸ ਸੂਚੀ ਵਿੱਚ ਛੱਤੀਸਗੜ੍ਹ (41 ਮਾਮਲੇ) ਪਹਿਲੇ, ਮੱਧ ਪ੍ਰਦੇਸ਼ (31) ਦੂਜੇ ਅਤੇ ਮਹਾਰਾਸ਼ਟਰ (28) ਤੀਜੇ ਸਥਾਨ ‘ਤੇ ਰਹੇ, ਜਦਕਿ ਪੰਜਾਬ ਵਿੱਚ 12 ਮਾਮਲੇ ਦਰਜ ਹੋਏ। ਸਿਹਤ ਮੰਤਰਾਲੇ ਦੀ ਰਿਪੋਰਟ ਅਨੁਸਾਰ ਹਰਿਆਣਾ ਵਿੱਚ ਜਨਮ ਸਮੇਂ ਲਿੰਗ ਅਨੁਪਾਤ 891 (ਪ੍ਰਤੀ 1,000 ਮੁੰਡਿਆਂ ਪਿੱਛੇ ਕੁੜੀਆਂ) ਹੈ, ਜੋ ਦੇਸ਼ ਵਿੱਚ ਚੌਥਾ ਸਭ ਤੋਂ ਖਰਾਬ ਅਨੁਪਾਤ ਹੈ। ਹਰਿਆਣਾ ਸਰਕਾਰ ਦੇ ਆਪਣੇ ਰਿਕਾਰਡ ਮੁਤਾਬਕ 2025 ਵਿੱਚ ਇਹ ਅਨੁਪਾਤ 923 ਸੀ, ਜੋ 2026 ਦੇ ਪਹਿਲੇ ਛੇ ਮਹੀਨਿਆਂ ਵਿੱਚ ਘਟ ਕੇ 900 ਰਹਿ ਗਿਆ ਹੈ। ਸੂਬੇ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਲਿੰਗ ਅਨੁਪਾਤ ਸਭ ਤੋਂ ਘੱਟ 829 ਦਰਜ ਕੀਤਾ ਗਿਆ, ਜਦਕਿ 11 ਜ਼ਿਲ੍ਹਿਆਂ ਵਿੱਚ ਇਹ ਅਨੁਪਾਤ 900 ਤੋਂ ਵੀ ਹੇਠਾਂ ਹੈ।

