Gen-Z ਸਾਡੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਅਤੇ ਦੇਸ਼ ਭਗਤ: Mohan Bhagwat

Gen-Z ਸਾਡੀ ਪੀੜ੍ਹੀ ਨਾਲੋਂ ਵੱਧ ਇਮਾਨਦਾਰ ਅਤੇ ਦੇਸ਼ ਭਗਤ: Mohan Bhagwat

ਨਵੀਂ ਦਿੱਲੀ : ਰਾਸ਼ਟਰੀ ਸਵੈਮਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ Gen-Z ਅਤੇ ਜੇਨ-ਅਲਫ਼ਾ ਪੁਰਾਣੀ ਪੀੜ੍ਹੀ ਦੇ ਮੁਕਾਬਲੇ ਜ਼ਿਆਦਾ ਦੇਸ਼ ਭਗਤ ਅਤੇ ਇਮਾਨਦਾਰ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ, ‘ਸਾਨੂੰ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ।’ ਭਾਗਵਤ ਨੇ ਕਿਹਾ ਕਿ ਨੌਜਵਾਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਸੀ ਜਿਸ ਕਰਕੇ ਦਿੱਲੀ ਦੇ ਜੰਤਰ-ਮੰਤਰ ਉੱਤੇ ਅੰਦੋਲਨ ਦੇਖਣ ਨੂੰ ਮਿਲਿਆ। ਭਾਗਵਤ ਨੇ ਇਹ ਪ੍ਰਗਟਾਵਾ ਮੁੰਬਈ ਦੇ ‘ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਕੀਤਾ। ਇਹ ਸਮਾਗਮ ਇੰਡੀਆ ਇੰਟਰਨੈਸ਼ਨਲ ਮੂਵਮੈਂਟ ਟੂ ਯੂਨਾਈਟ ਨੇਸ਼ਨਜ਼’ (IIMUN) ਵੱਲੋਂ ਆਪਣੀ 15ਵੀਂ ਵਰ੍ਹੇਗੰਢ ਮੌਕੇ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਦੇਸ਼ ਭਰ ਵਿੱਚ ਨੀਟ (NEET) ਪੇਪਰ ਲੀਕ ਖਿਲਾਫ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਸਰਕਾਰ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ। ਜੰਤਰ-ਮੰਤਰ ਵਿਚ 36 ਦਿਨਾਂ ਤੱਕ ਚੱਲੇ ਇਸ ਲੰਬੇ ਅੰਦੋਲਨ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਆਪਣਾ ਅਹੁਦਾ ਛੱਡਦਿਆਂ ਅਸਤੀਫ਼ਾ ਦੇਣਾ ਪਿਆ ਸੀ।

ਹੁਕਮ ਦੇਣ ਦੀ ਬਜਾਏ ਗੱਲਬਾਤ ਕਰਨ ’ਤੇ ਜ਼ੋਰ

ਇਸ ਤੋਂ ਪਹਿਲਾਂ 24 ਜੁਲਾਈ ਨੂੰ ਦਿੱਲੀ ਵਿੱਚ ਵਿਦਿਆਰਥੀਆਂ ਦੇ ਪ੍ਰਦਰਸ਼ਨਾਂ ਦੌਰਾਨ ਮੋਹਨ ਭਾਗਵਤ ਨੇ ਕਿਹਾ ਸੀ ਕਿ ਅੱਜ ਦੀ ਨਵੀਂ ਪੀੜ੍ਹੀ ਬਹੁਤ ਸਾਰੇ ਸਵਾਲ ਪੁੱਛਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਸੀ, ‘ਸਾਨੂੰ ਨੌਜਵਾਨਾਂ ਨੂੰ ਸਿਰਫ਼ ਹੁਕਮ ਦੇਣ ਦੀ ਬਜਾਏ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਆਪਣੀ ਮਨਮਾਨੀ ਕਰੀਏ ਅਤੇ ਤਾਕਤ ਦੇ ਜ਼ੋਰ ‘ਤੇ ਸਭ ਦੇ ਮਾਲਕ ਬਣ ਜਾਈਏ, ਇਹ ਹੁਣ ਸੰਭਵ ਨਹੀਂ ਹੈ।’

ਉਨ੍ਹਾਂ ਦਾ ਇਹ ਅਹਿਮ ਬਿਆਨ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਦੇਸ਼ ਭਰ ਦੇ ਵਿਦਿਆਰਥੀ ਪੇਪਰ ਲੀਕ ਦੇ ਮੁੱਦੇ ਨੂੰ ਲੈ ਕੇ ਜੰਤਰ-ਮੰਤਰ ਵਿਚ ਪ੍ਰਦਰਸ਼ਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਇਸ ਬਿਆਨ ਤੋਂ ਸਿਰਫ਼ 12 ਘੰਟਿਆਂ ਦੇ ਅੰਦਰ ਹੀ ਦੇਸ਼ ਦੇ ਸਿੱਖਿਆ ਮੰਤਰੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

Share: