ਨਵੀਂ ਦਿੱਲੀ : ਦੁਨੀਆ ਭਰ ਵਿੱਚ ਝੋਨੇ ਦੀ ਪੈਦਾਵਾਰ ਸਾਲ 2026-27 ਦੇ ਮੰਡੀਕਰਨ ਸਾਲ ਵਿੱਚ 90 ਲੱਖ ਟਨ ਘਟ ਕੇ 53.64 ਕਰੋੜ ਟਨ ਰਹਿਣ ਦਾ ਖਦਸ਼ਾ ਹੈ ਕਿਉਂਕਿ ਸੰਭਾਵੀ ਤੌਰ ’ਤੇ ਮਜ਼ਬੂਤ ਐਲ ਨੀਨੋ, ਵਧਦੀਆਂ ਲਾਗਤਾਂ ਅਤੇ ਭੂ-ਸਿਆਸੀ ਤਣਾਅ ਫ਼ਸਲਾਂ ਲਈ ਖ਼ਤਰਾ ਬਣ ਰਹੇ ਹਨ। ਇੰਡੀਅਨ ਰਾਈਸ ਐਕਸਪੋਰਟਰਜ਼ ਫੈੱਡਰੇਸ਼ਨ (ਆਈ ਆਰ ਈ ਐੱਫ) ਦੇ ਅਨੁਮਾਨਾਂ ਵਿੱਚ ਜਾਣਕਾਰੀ ਸਾਹਮਣੇ ਆਈ ਹੈ। ਭਾਰਤ ਇੰਟਰਨੈਸ਼ਨਲ ਰਾਈਸ ਕਾਨਫਰੰਸ (ਬੀ ਆਈ ਆਰ ਸੀ) 2026 ਤੋਂ ਪਹਿਲਾਂ ਜਾਰੀ ਪ੍ਰੈੱਸ ਬਿਆਨ ਵਿੱਚ ਆਈ ਆਰ ਈ ਐੱਫ ਨੇ ਕਿਹਾ ਕਿ ਇਹ ਅਨੁਮਾਨ ਉਸ ਸਮੇਂ ਸਾਹਮਣੇ ਆਏ ਹਨ ਜਦੋਂ ਮੌਸਮ ਨਾਲ ਜੁੜੀ ਬੇਯਕੀਨੀ ਭਾਰਤ, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਇੰਡੋਨੇਸ਼ੀਆ, ਚੀਨ, ਮਿਆਂਮਾਰ ਅਤੇ ਫਿਲਪੀਨਜ਼ ਸਣੇ ਪ੍ਰਮੁੱਖ ਚੌਲ ਉਤਪਾਦਕ, ਬਰਾਮਦਕਾਰ ਅਤੇ ਦਰਾਮਦਕਾਰ ਮੁਲਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਮੱਧ ਪੂਰਬ ਵਿੱਚ ਜਾਰੀ ਤਣਾਅ ਨਾਲ ਜੁੜੇ ਵਧ ਰਹੇ ਖਾਦ, ਈਂਧਣ ਅਤੇ ਆਵਾਜਾਈ ਦੇ ਖਰਚਿਆਂ ਦੇ ਨਾਲ-ਨਾਲ ਲੰਬੇ ਸਮੇਂ ਤੱਕ ਚੱਲਣ ਵਾਲਾ ਅਤੇ ਤੀਬਰ ਹੁੰਦਾ ਐਲ ਨੀਨੋ ਆਲਮੀ ਚੌਲ ਬਾਜ਼ਾਰਾਂ ਲਈ ਨਵਾਂ ਖ਼ਤਰਾ ਪੈਦਾ ਕਰ ਰਿਹਾ ਹੈ।
ਰਿਲੀਜ਼ ਅਨੁਸਾਰ ਅਮਰੀਕੀ ਕੌਮੀ ਸਮੁੰਦਰੀ ਅਤੇ ਵਾਯੂਮੰਡਲ ਪ੍ਰਸ਼ਾਸਨ (ਐੱਨ ਓ ਏ ਏ) ਦੇ ਜਲਵਾਯੂ ਅਗਾਊਂ ਅਨੁਮਾਨ ਕੇਂਦਰ ਨੇ ਜੁਲਾਈ 2026 ਤੋਂ ਲੈ ਕੇ 2027 ਦੇ ਸ਼ੁਰੂ ਤੱਕ ਐੱਲ ਨੀਨੋ ਦੇ ਜਾਰੀ ਰਹਿਣ ਦੀ 97 ਫੀਸਦ ਸੰਭਾਵਨਾ ਦਾ ਅਨੁਮਾਨ ਜ਼ਾਹਿਰ ਕੀਤਾ ਸੀ। ਇਸ ਨੇ ਅਕਤੂਬਰ-ਦਸੰਬਰ 2026 ਦੌਰਾਨ ਇਸ ਦੇ ਬਹੁਤ ਮਜ਼ਬੂਤ ਹੋਣ ਦੀ 81 ਫੀਸਦ ਸੰਭਾਵਨਾ ਦਾ ਵੀ ਸੰਕੇਤ ਦਿੱਤਾ ਹੈ। ਐਲ ਨੀਨੋ ਦੇ ਘੱਟੋ-ਘੱਟ ਅਪਰੈਲ 2027 ਤੱਕ ਜਾਰੀ ਰਹਿਣ ਦੀ ਸੰਭਾਵਨਾ ਨਾਲ ਝੋਨੇ ਦੀ ਪੈਦਾਵਾਰ ਵਾਲੇ ਪ੍ਰਮੁੱਖ ਖੇਤਰਾਂ ਨੂੰ ਬਿਜਾਈ ਅਤੇ ਫ਼ਸਲ ਦੇ ਵਾਧੇ ਦੌਰਾਨ ਮੌਸਮੀ ਬੇਯਕੀਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲਾਗਤਾਂ ’ਚ ਵਾਧਾ, ਖਾਸ ਕਰਕੇ ਪੂਰੇ ਏਸ਼ੀਆ ਵਿੱਚ ਕਿਸਾਨਾਂ ਦੇ ਬਿਜਾਈ ਦੇ ਫ਼ੈਸਲਿਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਉਤਪਾਦਨ ਵਿੱਚ ਅਨੁਮਾਨਤ ਗਿਰਾਵਟ ਦੇ ਬਾਵਜੂਦ ਸਾਲ 2025-26 ਦੇ ਮੰਡੀਕਰਨ ਸਾਲ ਤੋਂ ਮਜ਼ਬੂਤ ਭੰਡਾਰਾਂ ਦੇ ਸਹਾਰੇ ਵਿਸ਼ਵ ਪੱਧਰੀ ਚੌਲ ਦੀ ਬਰਾਮਦ ਮੁਕਾਬਲਤਨ ਸਥਿਰ ਰਹਿਣ ਦੀ ਉਮੀਦ ਹੈ।

