ਏਕਤਾ ਲਈ ਹਉਮੈ ਅਤੇ ਪਦਵੀਆਂ ਦਾ ਤਿਆਗ ਜ਼ਰੂਰੀ: ਭਾਈ ਜਗਤਾਰ ਸਿੰਘ ਹਵਾਰਾ

ਏਕਤਾ ਲਈ ਹਉਮੈ ਅਤੇ ਪਦਵੀਆਂ ਦਾ ਤਿਆਗ ਜ਼ਰੂਰੀ: ਭਾਈ ਜਗਤਾਰ ਸਿੰਘ ਹਵਾਰਾ

ਚਮਕੌਰ ਸਾਹਿਬ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਬੱਤ ਖ਼ਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ 4 ਦਸੰਬਰ 2018 ਨੂੰ ਲਿਖਿਆ ਗਿਆ ਇਤਿਹਾਸਕ ਪੱਤਰ ਮੀਡੀਆ ਵਿੱਚ ਜਨਤਕ ਕੀਤਾ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਤਮਾਮ ਬੰਦੀ ਸਿੰਘ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਹਨ। ਕੌਮ ਵੱਲੋਂ ਉਨ੍ਹਾਂ ਦੀ ਰਿਹਾਈ ਲਈ ਸਰਕਾਰਾਂ ਅੱਗੇ ਵਾਰ-ਵਾਰ ਅਪੀਲਾਂ, ਦਲੀਲਾਂ, ਰੋਸ ਧਰਨੇ ਅਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ ਪਰ ਹਕੂਮਤਾਂ ਦੇ ਕੰਨ ਉੱਤੇ ਜੂੰ ਤੱਕ ਨਹੀਂ ਸਰਕ ਰਹੀ।

ਪੰਥਕ ਏਕਤਾ ਸਾਡੇ ਆਪਣੇ ਹੱਥ ਵਿੱਚ: ਪੀਰਮੁਹੰਮਦ

ਪੀਰਮੁਹੰਮਦ ਨੇ ਕਿਹਾ ਕਿ ਅਜਿਹੇ ਮਾਹੌਲ ਵਿੱਚ ਭਾਈ ਹਵਾਰਾ ਦੇ ਦਿਲ-ਦਿਮਾਗ ਅੰਦਰ ਕੌਮ ਦੀ ਮੌਜੂਦਾ ਹਾਲਤ ਨੂੰ ਲੈ ਕੇ ਚੱਲ ਰਹੀ ਗੰਭੀਰ ਚਿੰਤਾ ਅਤੇ ਤੌਖਲੇ ਬਹੁਤ ਅਹਿਮ ਹਨ। ਇਹ ਪੱਤਰ ਸਪੱਸ਼ਟ ਸੁਨੇਹਾ ਹੈ ਕਿ ਜੇਕਰ ਸਰਕਾਰਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕਰ ਰਹੀਆਂ, ਤਾਂ ਘੱਟੋ-ਘੱਟ ਆਪਸੀ ਪੰਥਕ ਏਕਤਾ ਕਰਨਾ ਤਾਂ ਕੌਮ ਦੇ ਆਪਣੇ ਹੱਥ ਵਿੱਚ ਹੈ ! ਇਸ ਵਿੱਚ ਤਾਂ ਕੋਈ ਸਰਕਾਰ ਸਾਡਾ ਹੱਥ ਨਹੀਂ ਫੜ ਕੇ ਬੈਠੀ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਲਾਂ ਦੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਥਕ ਸਫ਼ਾਂ ਅੰਦਰ ਆਪਸੀ ਅਵਿਸ਼ਵਾਸ ਅਤੇ ਧੜੇਬੰਦੀ ਦਾ ਮਾਹੌਲ ਜਿਉਂ ਦਾ ਤਿਉਂ ਬਣਿਆ ਹੋਇਆ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਏਕਤਾ ਦੀਆਂ ਗੱਲਾਂ ਪਰ ਅਮਲ ਕੋਈ ਨਹੀਂ

ਉਨ੍ਹਾਂ ਕਿਹਾ ਕਿ ਅੱਜ ਹਰ ਧੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਏਕਤਾ ਦੀਆਂ ਗੱਲਾਂ ਤਾਂ ਕਰਦਾ ਹੈ ਪਰ ਅਮਲੀ ਰੂਪ ਵਿੱਚ ਕੋਈ ਵੀ ਸਾਰਥਕ ਕਦਮ ਚੁੱਕਣ ਲਈ ਤਿਆਰ ਨਜ਼ਰ ਨਹੀਂ ਆਉਂਦਾ। ਭਾਈ ਜਗਤਾਰ ਸਿੰਘ ਹਵਾਰਾ ਨੇ ਆਪਣੇ ਪੱਤਰ ਵਿੱਚ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਸੀ ਕਿ ਕਿਸੇ ਵੀ ਸਾਂਝੇ ਮਕਸਦ ਦੀ ਪੂਰਤੀ ਲਈ ਹਉਮੈ ਛੱਡ ਕੇ ਤਿਆਗ ਦਿਖਾਇਆ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮੁੱਚੀਆਂ ਪੰਥਕ ਜਥੇਬੰਦੀਆਂ, ਧਾਰਮਿਕ ਆਗੂਆਂ ਅਤੇ ਧਿਰਾਂ ਨੂੰ ਅਪੀਲ ਕੀਤੀ ਕਿ ਭਾਈ ਹਵਾਰਾ ਦੀਆਂ ਇਹ ਭਾਵਨਾਵਾਂ ਮਹਿਜ਼ ਇੱਕ ਚਿੱਠੀ ਨਹੀਂ, ਸਗੋਂ ਕਾਲ-ਕੋਠੜੀ ‘ਚੋਂ ਆਈ ਕੌਮ ਦੇ ਨਾਂ ਇੱਕ ਦਰਦਮੰਦ ਆਵਾਜ਼ ਹਨ।

ਨਿਜੀ ਵਜੂਦ ਅਤੇ ਅਹੁਦਿਆਂ ਤੋਂ ਉੱਪਰ ਉੱਠਣ ਦੀ ਅਪੀਲ

ਉਨ੍ਹਾਂ ਕਿਹਾ ਕਿ ਸਮੁੱਚੀਆਂ ਧਿਰਾਂ ਆਪਣੇ ਨਿੱਜੀ ਵਜੂਦ ਅਤੇ ਅਹੁਦੇਦਾਰੀਆਂ ਦੇ ਮੋਹ ਤੋਂ ਉੱਪਰ ਉੱਠ ਕੇ ਇੱਕ ਨਿਸ਼ਾਨ ਹੇਠ ਇਕੱਠੀਆਂ ਹੋਣ। ਉਨ੍ਹਾਂ ਦੱਸਿਆ ਕਿ ਇਹ ਪੱਤਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਪੰਥਕ ਲੇਖਕ ਭਾਈ ਬਲਜੀਤ ਸਿੰਘ ਖ਼ਾਲਸਾ ਅਤੇ ਬੀਬੀ ਸੰਦੀਪ ਕੌਰ ਕਾਸਤੀਵਾਲ (ਸੰਚਾਲਕ ਸ਼ਹੀਦ ਭਾਈ ਧਰਮ ਸਿੰਘ ਖ਼ਾਲਸਾ ਟਰੱਸਟ) ਨੂੰ ਮੁਲਾਕਾਤ ਸਮੇਂ ਸੌਂਪਿਆ ਗਿਆ ਸੀ।

Share: