Manipur ਵਿੱਚ ਮਰਦਮਸ਼ੁਮਾਰੀ ਤੋਂ ਪਹਿਲਾਂ ਐੱਨ ਆਰ ਸੀ ਦੀ ਮੰਗ

Manipur ਵਿੱਚ ਮਰਦਮਸ਼ੁਮਾਰੀ ਤੋਂ ਪਹਿਲਾਂ ਐੱਨ ਆਰ ਸੀ ਦੀ ਮੰਗ

ਇੰਫਾਲ : ਮਨੀਪੁਰ ਸਰਕਾਰ ਨੇ ਸੂਬੇ ਵਿੱਚ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਅਪਡੇਟ ਕਰਨ ਦੀ ਮੰਗ ਨੂੰ ਦੁਹਰਾਉਂਦਿਆਂ ਕਿਹਾ ਹੈ ਕਿ ਵਿਧਾਇਕਾਂ ਦਾ ਵਫ਼ਦ ਕੇਂਦਰੀ ਆਗੂਆਂ ਨੂੰ ਮਾਮਲੇ ਤੋਂ ਜਾਣੂ ਕਰਵਾਉਣ ਲਈ ਨਵੀਂ ਦਿੱਲੀ ਜਾਵੇਗਾ। ਸਰਕਾਰ ਦੇ ਬੁਲਾਰੇ ਅਤੇ ਵਿਧਾਇਕ ਡਾ. ਸਪਮ ਰੰਜਨ ਸਿੰਘ ਨੇ ਕਿਹਾ ਕਿ ਜਨਸੰਖਿਆ ਵਿੱਚ ਤਬਦੀਲੀ ਅਤੇ ਅਸੰਤੁਲਨ ਨਾਲ ਜੁੜੀਆਂ ਲੋਕਾਂ ਦੀਆਂ ਚਿੰਤਾਵਾਂ ਸਰਕਾਰ ਲਈ ਵੀ ਅਹਿਮ ਹਨ।

ਉਨ੍ਹਾਂ ਦੱਸਿਆ ਕਿ ਮਨੀਪੁਰ ਵਿਧਾਨ ਸਭਾ ਨੇ 5 ਅਗਸਤ 2022 ਨੂੰ ਸੂਬੇ ਵਿੱਚ ਐੱਨ ਆਰ ਸੀ ਲਾਗੂ ਕਰਨ ਲਈ ਮਤਾ ਪਾਸ ਕੀਤਾ ਸੀ, ਜਿਸ ਦੀ 1 ਮਾਰਚ 2024 ਨੂੰ ਮੁੜ ਪੁਸ਼ਟੀ ਕੀਤੀ ਗਈ। ਸਰਕਾਰ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਇਸ ਸਬੰਧੀ ਪੱਤਰ-ਵਿਹਾਰ ਕਰ ਰਹੀ ਹੈ। ਵਿਧਾਇਕਾਂ ਦਾ ਵਫ਼ਦ ਕੇਂਦਰ ਤੋਂ ਮਾਰਗਦਰਸ਼ਨ ਲੈਣ ਦੇ ਨਾਲ ਹੀ ਅਤੇ ਮਰਦਮਸ਼ੁਮਾਰੀ ਤੋਂ ਪਹਿਲਾਂ ਐੱਨ ਆਰ ਸੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਅਪੀਲ ਕਰੇਗਾ।

ਸਾਬਕਾ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਕੇ ਐੱਨ ਆਰ ਸੀ ਪਹਿਲਾਂ ਕਰਵਾਉਣ ਦੀ ਲੋਕਾਂ ਦੀ ਮੰਗ ਉਨ੍ਹਾਂ ਸਾਹਮਣੇ ਰੱਖੀ ਹੈ। ਉਨ੍ਹਾਂ ਆਰਥਿਕ ਪਾਬੰਦੀਆਂ ਕਾਰਨ ਜ਼ਰੂਰੀ ਵਸਤਾਂ ਦੀ ਸਪਲਾਈ ਅਤੇ ਕੀਮਤਾਂ ’ਤੇ ਪੈ ਰਹੇ ਪ੍ਰਭਾਵ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਅਬਾਦੀ ਅਸੰਤੁਲਨ ਕਾਰਨ ਲੋਕਾਂ ਵਿੱਚ ਚਿੰਤਾ ਹੈ।

ਮਨੀਪੁਰ ’ਚ 46 ਦਹਿਸ਼ਤਗਰਦਾਂ ਨੇ ਆਤਮ-ਸਮਰਪਣ ਕੀਤਾ

ਮਨੀਪੁਰ ਵਿੱਚ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਤਾਈਬਾਂਗਨਬਾ) ਦੇ 46 ਦਹਿਸ਼ਗਰਦਾਂ ਨੇ ਅੱਜ ਪੁਲੀਸ ਅੱਗੇ ਆਤਮ-ਸਮਰਪਣ ਕੀਤਾ। ਰਾਜ ਸਰਕਾਰ ਵੱਲੋਂ ਮਨੀਪੁਰ ਰਾਈਫਲਜ਼ ਪਰੇਡ ਗਰਾਊਂਡ ਵਿੱਚ ‘ਘਰ ਵਾਪਸੀ’ ਪ੍ਰੋਗਰਾਮ ਕਰਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਹਥਿਆਰ ਸੁੱਟੇ। ਮੁੱਖ ਮੰਤਰੀ ਵਾਈ ਖੇਮਚੰਦ ਸਿੰਘ ਨੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਵਾਲੇ ਦਹਿਸ਼ਤਗਰਦਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹਥਿਆਰ ਵਿਕਾਸ ਦਾ ਰਾਹ ਨਹੀਂ ਦਿਖਾ ਸਕਦੇ। ਉਨ੍ਹਾਂ ਕਿਹਾ ਕਿ ਆਤਮ-ਸਮਰਪਣ ਕਰਨ ਵਾਲਿਆਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਰਾਹੀਂ ਰੁਜ਼ਗਾਰ ਅਤੇ ਪੈਰਾਂ ਸਿਰ ਕਰਨ ਲਈ ਮਦਦ ਦਿੱਤੀ ਜਾਵੇਗੀ। ਇਹ ਆਤਮ-ਸਮਰਪਣ 2018 ਦੀ ਸੋਧੀ ਹੋਈ ਆਤਮ-ਸਮਰਪਣ-ਕਮ-ਪੁਨਰਵਾਸ ਨੀਤੀ ਤਹਿਤ ਹੋਇਆ ਹੈ। ਡੀ ਜੀ ਪੀ ਮੁਕੇਸ਼ ਸਿੰਘ ਨੇ ਕਿਹਾ ਕਿ ਹਿੰਸਾ ਛੱਡਣ ਵਾਲਿਆਂ ਲਈ ਪੁਲੀਸ ਆਤਮ-ਸਮਰਪਣ, ਤਸਦੀਕ ਅਤੇ ਪੁਨਰਵਾਸ ਦੀ ਕਾਨੂੰਨੀ ਪ੍ਰਕਿਰਿਆ ਵਿੱਚ ਸਹਿਯੋਗ ਦੇਵੇਗੀ।

Share: