ਅਮਰੀਕਾ ਵਿੱਚ ਵਿਰਾਸਤੀ ਫਰਨੀਚਰ ਦੀ ਨਿਲਾਮੀ ਨੂੰ ਰੋਕਣ ਲਈ ਕੇਂਦਰ ਕੋਲ ਪੁੱਜਿਆ ਚੰਡੀਗੜ੍ਹ ਪ੍ਰਸ਼ਾਸਨ

ਅਮਰੀਕਾ ਵਿੱਚ ਵਿਰਾਸਤੀ ਫਰਨੀਚਰ ਦੀ ਨਿਲਾਮੀ ਨੂੰ ਰੋਕਣ ਲਈ ਕੇਂਦਰ ਕੋਲ ਪੁੱਜਿਆ ਚੰਡੀਗੜ੍ਹ ਪ੍ਰਸ਼ਾਸਨ

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਸਥਿਤ ਰਾਈਟ ਡਿਜ਼ਾਈਨ ਆਕਸ਼ਨ ਹਾਊਸ ਵਿਚ Pierre Jeanneret ਦੇ ਡਿਜ਼ਾਈਨ ਕੀਤੇ ਗਏ ਅੱਠ ਵਿਰਾਸਤੀ ਫਰਨੀਚਰ ਪੀਸਾਂ ਦੀ ਨਿਲਾਮੀ ਨੂੰ ਤੁਰੰਤ ਰੋਕਣ ਲਈ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਕੂਟਨੀਤਕ ਦਖ਼ਲ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਨ੍ਹਾਂ ਵਸਤੂਆਂ ਦੇ ਸ਼ੱਕੀ ਚੋਰੀ ਅਤੇ ਗੈਰ-ਕਾਨੂੰਨੀ ਨਿਰਯਾਤ ਦੇ ਸਬੰਧ ਵਿੱਚ ਪੁਲੀਸ ਸਟੇਸ਼ਨ ਸੈਕਟਰ-11 ਵਿਚ ਐੱਫ.ਆਈ.ਆਰ. ਵੀ ਦਰਜ ਕਰ ਲਈ ਗਈ ਹੈ। ਇਹ ਉਹੀ ਕਾਨੂੰਨੀ ਅਤੇ ਡਿਪਲੋਮੈਟਿਕ ਤਰੀਕਾ ਹੈ ਜਿਸ ਦੀ ਵਰਤੋਂ ਕਰਕੇ ਜੂਨ ਵਿੱਚ ਪੈਰਿਸ ਅਤੇ ਜੁਲਾਈ ਵਿੱਚ ਬਾਰਸੀਲੋਨਾ ਵਿੱਚ ਹੋਣ ਵਾਲੀਆਂ ਨਿਲਾਮੀਆਂ ਨੂੰ ਸਫ਼ਲਤਾਪੂਰਵਕ ਰੋਕਿਆ ਗਿਆ ਸੀ। ਸਕੱਤਰ ਸੱਭਿਆਚਾਰ ਡਾ. ਸੱਯਦ ਆਬਿਦ ਰਸ਼ੀਦ ਸ਼ਾਹ ਨੇ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਨੂੰ ਪੱਤਰ ਲਿਖ ਕੇ ਨਿਲਾਮੀ ਨੂੰ ਮੁਅੱਤਲ ਕਰਨ ਅਤੇ ਵਿਰਾਸਤੀ ਫਰਨੀਚਰ ਦੀ ਵਾਪਸੀ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਚੰਡੀਗੜ੍ਹ ਪੁਲੀਸ ਨੇ ਡਾਇਰੈਕਟਰ ਕਲਚਰਲ ਅਫ਼ੇਅਰਜ਼ ਨਵੀਨ ਰੱਤੂ ਦੀ ਸ਼ਿਕਾਇਤ ‘ਤੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਜਿਸ ਵਿੱਚ ਪੰਜਾਬ ਯੂਨੀਵਰਸਿਟੀ ਵਿਚਲੇ ਫਰਨੀਚਰ ਬਾਰੇ ਵੀ ਦੱਸਿਆ ਗਿਆ ਹੈ।

ਚੰਡੀਗੜ੍ਹ ਦੀ ਵਿਰਾਸਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਨਹੀਂ ਵੇਚਣ ਦਿੱਤਾ ਜਾਵੇਗਾ: ਗੁਲਾਬ ਚੰਦ ਕਟਾਰੀਆ

ਨਿਲਾਮੀ ਕੈਟਾਲਾਗ ਮੁਤਾਬਕ ਇਨ੍ਹਾਂ ਅੱਠਾਂ ਆਈਟਮਾਂ ’ਤੇ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਭਵਨਾਂ ਡੀ.ਪੀ.ਆਈ. ਹਰਿਆਣਾ, ਪੰਜਾਬ ਯੂਨੀਵਰਸਿਟੀ, ਪੀ.ਜੀ.ਆਈ.ਐੱਮ.ਈ.ਆਰ. ਅਤੇ ਪੰਜਾਬ ਵਿਧਾਇਕ ਹੋਸਟਲ (MLA Hostel) ਦੀਆਂ ਸੰਸਥਾਗਤ ਮੋਹਰਾਂ ਦਰਜ ਹਨ। ਇਸ ਪੂਰੇ ਲਾਟ ਦੀ ਅੰਦਾਜ਼ਨ ਕੀਮਤ 49,000 ਤੋਂ 63,000 ਅਮਰੀਕੀ ਡਾਲਰ ਯਾਨੀ ਭਾਰਤੀ ਕਰੰਸੀ ਮੁਤਾਬਕ ਲਗਪਗ 41 ਲੱਖ ਤੋਂ 53 ਲੱਖ ਰੁਪਏ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸਪੱਸ਼ਟ ਕੀਤਾ ਹੈ ਕਿ ਚੰਡੀਗੜ੍ਹ ਦੀ ਵਿਰਾਸਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬਾਹਰ ਨਹੀਂ ਵੇਚਣ ਦਿੱਤਾ ਜਾਵੇਗਾ ਅਤੇ ਇਨ੍ਹਾਂ ਵਿਰਾਸਤੀ ਫਰਨੀਚਰ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਪੂਰੇ ਮਾਮਲੇ ਵਿੱਚ ਵਿਰਾਸਤੀ ਕਾਰਕੁਨ ਅਜੈ ਜੱਗਾ ਵੱਲੋਂ ਨਿਭਾਈ ਗਈ ਭੂਮਿਕਾ ਅਹਿਮ ਰਹੀ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਨ੍ਹਾਂ ਬਾਰੇ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਸੀ। ਹੁਣ ਅਮਰੀਕਾ ਵਿੱਚ ਹੋਣ ਵਾਲੀ ਇਸ ਨਿਲਾਮੀ ਨੂੰ ਰੋਕਣ ਲਈ ਵਿਦੇਸ਼ ਮੰਤਰਾਲੇ ਅਤੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਦੀ ਸਰਗਰਮੀ ‘ਤੇ ਨਿਰਭਰ ਕਰੇਗਾ ਕਿ ਕੀ ਪੈਰਿਸ-ਬਾਰਸੀਲੋਨਾ ਮਾਡਲ ਨੂੰ ਸਮਾਂ ਰਹਿੰਦੇ ਲਾਗੂ ਕੀਤਾ ਜਾ ਸਕਦਾ ਹੈ ਜਾਂ ਨਹੀਂ।

Share: