Badminton World Championships: ਭਾਰਤ ਦੇ Ayush Shetty ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ

Badminton World Championships: ਭਾਰਤ ਦੇ Ayush Shetty ਨੇ ਵਿਸ਼ਵ ਚੈਂਪੀਅਨ ਨੂੰ ਹਰਾਇਆ

ਨਵੀਂ ਦਿੱਲੀ : ਭਾਰਤ ਦੇ ਬੈਡਮਿੰਟਨ ਸਟਾਰ ਆਯੁਸ਼ ਸ਼ੈਟੀ ਨੇ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਦੇ ਪਹਿਲੇ ਰਾਊਂਡ ਵਿੱਚ ਵੱਡਾ ਉਲਟਫੇਰ ਕਰਦਿਆਂ ਵਿਸ਼ਵ ਚੈਂਪੀਅਨ ਅਤੇ ਵਿਸ਼ਵ ਨੰਬਰ-1 ਚੀਨ ਦੇ ਸ਼ੀ ਯੂ ਚੀ ਨੂੰ ਹਰਾ ਦਿੱਤਾ ਹੈ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਵਿੱਚ ਵਿਸ਼ਵ ਵਿੱਚ 22ਵੇਂ ਨੰਬਰ ਦੇ ਖਿਡਾਰੀ ਆਯੁਸ਼ ਨੇ ਪੁਰਸ਼ ਸਿੰਗਲਜ਼ ਦਾ ਇਹ ਮੁਕਾਬਲਾ 21-14, 13-21, 21-19 ਨਾਲ ਆਪਣੇ ਨਾਮ ਕੀਤਾ। ਆਯੁਸ਼ ਨੇ 2023 ਵਿੱਚ ਵਰਲਡ ਜੂਨੀਅਰ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਜਦੋਂ ਕਿ 2025 ਯੂ ਐੱਸ ਓਪਨ ਜਿੱਤ ਕੇ ਆਪਣਾ ਪਹਿਲਾ BWF ਵਰਲਡ ਟੂਰ ਖਿਤਾਬ ਹਾਸਲ ਕੀਤਾ ਸੀ ਅਤੇ 2026 ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।

PV Sindhu ਨੇ ਵੀ ਸ਼ਾਨਦਾਰ ਜਿੱਤ ਨਾਲ ਕੀਤੀ ਸ਼ੁਰੂਆਤ

ਭਾਰਤ ਦੀ ਉੱਘੀ ਖਿਡਾਰਨ ਪੀ ਵੀ ਸਿੰਧੂ ਨੇ ਵੀ ਟੂਰਨਾਮੈਂਟ ਵਿੱਚ ਜਿੱਤ ਨਾਲ ਆਗਾਜ਼ ਕੀਤਾ ਹੈ। ਮਹਿਲਾ ਸਿੰਗਲਜ਼ ਦੇ ਪਹਿਲੇ ਰਾਊਂਡ ਵਿੱਚ ਵਿਸ਼ਵ ਨੰਬਰ-9 ਸਿੰਧੂ ਨੇ ਆਇਰਲੈਂਡ ਦੀ ਸੋਫੀਆ ਨੋਬਲ ਨੂੰ ਸਿਰਫ਼ 29 ਮਿੰਟਾਂ ਵਿੱਚ 21-7, 21-11 ਨਾਲ ਹਰਾ ਦਿੱਤਾ। ਪਹਿਲੇ ਗੇਮ ਵਿੱਚ ਸਿੰਧੂ ਨੇ 8-0 ਦੀ ਲੀਡ ਬਣਾ ਕੇ ਸ਼ੁਰੂ ਤੋਂ ਹੀ ਦਬਦਬਾ ਬਣਾ ਲਿਆ ਸੀ। ਦੂਜੇ ਗੇਮ ਵਿੱਚ ਆਇਰਲੈਂਡ ਦੀ ਖਿਡਾਰਨ ਨੇ ਕੁਝ ਟੱਕਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਸਿੰਧੂ ਨੇ ਆਸਾਨੀ ਨਾਲ ਮੈਚ ਆਪਣੇ ਨਾਮ ਕਰ ਲਿਆ। ਹੁਣ ਦੂਜੇ ਰਾਊਂਡ ਵਿੱਚ ਸਿੰਧੂ ਦਾ ਮੁਕਾਬਲਾ ਕੈਨੇਡਾ ਦੀ ਵੇਨ ਯੂ ਜਾਂਗ ਨਾਲ ਹੋਵੇਗਾ।

Share: