‘Ram Mandir Donation ’ਚ ਗਬਨ ਦੀ ਜਾਂਚ ਕਰੇਗੀ Special Investigation Team’

‘Ram Mandir Donation ’ਚ ਗਬਨ ਦੀ ਜਾਂਚ ਕਰੇਗੀ Special Investigation Team’

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸ ਨੇ ਅਯੁੱਧਿਆ ਵਿੱਚ ਰਾਮ ਮੰਦਰ ਦੇ ਚੜ੍ਹਾਵੇ ਵਿੱਚ ਕਥਿਤ ਹੇਰਾਫੇਰੀ ਦੀ ਜਾਂਚ ਲਈ ਆਈ ਜੀ ਕਿਰਨ ਐੱਸ ਦੀ ਅਗਵਾਈ ਹੇਠ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾਈ ਹੈ। ਅਦਾਲਤ ਨੇ ਸੂਬਾ ਸਰਕਾਰ ਨੂੰ ਸਿਟ ਦੇ ਪੰਜਵੇਂ ਮੈਂਬਰ ਵਜੋਂ ਫੋਰੈਂਸਿਕ ਆਡਿਟਰ ਨੂੰ ਸ਼ਾਮਲ ਕਰਨ ਲਈ ਕਿਹਾ ਸੀ। ਸਿਟ ਦੋ ਹਫਤਿਆਂ ਦੇ ਅੰਦਰ ਆਪਣੀ ਪਹਿਲੀ ਸਟੇਟਸ ਰਿਪੋਰਟ ਪੇਸ਼ ਕਰੇਗੀ।

ਸੂਬਾ ਸਰਕਾਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੌਇਮਾਲਿਆ ਬਾਗਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਨੇ ਕਿਹਾ ਕਿ ਅਦਾਲਤ ਦੇ ਸੁਝਾਅ ਤੋਂ ਬਾਅਦ 25 ਜੁਲਾਈ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ ਸਿਟ ਬਣਾਈ ਗਈ ਸੀ। ਕਾਨੂੰਨੀ ਅਧਿਕਾਰੀ ਨੇ ਕਿਹਾ ਕਿ ਇਹ ਆਈ ਜੀ ਉਸ ਟੀਮ ਦਾ ਹਿੱਸਾ ਸਨ ਜਿਸ ਨੇ ਇਹ ਜਾਂਚ ਕੀਤੀ ਸੀ ਕਿ ਐੱਫ ਆਈ ਆਰ ਦਰਜ ਕਰਨ ਦੀ ਲੋੜ ਹੈ ਜਾਂ ਨਹੀਂ। ਸਿਟ ਵਿੱਚ ਡੀ ਆਈ ਜੀ ਰੈਂਕ ਦਾ ਇਕ ਅਧਿਕਾਰੀ, ਇੱਕ ਐੱਸ ਐੱਸ ਪੀ ਅਤੇ ਇੱਕ ਵਧੀਕ ਐੱਸ ਪੀ ਸ਼ਾਮਲ ਹੋਣਗੇ। ਬੈਂਚ ਨੇ ਕਿਹਾ ਕਿ ਸਿਟ ਨੂੰ ਆਪਣੀ ਰਿਪੋਰਟ ਪੇਸ਼ ਕਰਨ ਦਿਓ। ਬੈਂਚ ਨੇ ਮਾਮਲੇ ਦੀ ਸੁਣਵਾਈ ਨੂੰ ਦੋ ਹਫਤਿਆਂ ਲਈ ਮੁਲਤਵੀ ਕਰਦਿਆਂ ਕਿਹਾ, ‘‘ਪਾਰਦਰਸ਼ਤਾ ਯਕੀਨੀ ਬਣਾਉਣ ਲਈ ਸਾਰੇ ਸੁਧਾਰਕ ਕਦਮ ਚੁੱਕੇ ਜਾਣਗੇ। ਅਸੀਂ ਘਟਨਾ ਦੀ ਗੁਣਾਤਮਕ ਜਾਂਚ ’ਤੇ ਜ਼ੋਰ ਦੇ ਰਹੇ ਹਾਂ।’’ ਚੀਫ ਜਸਟਿਸ ਨੇ ਕਿਹਾ, ‘‘ਅਸੀਂ ਨਿਰਪੱਖ, ਤੇਜ਼ ਅਤੇ ਬਿਨਾਂ ਕਿਸੇ ਪੱਖਪਾਤ ਦੇ ਜਾਂਚ ਕਰਨ ’ਤੇ ਧਿਆਨ ਕੇਂਦਰਤ ਕਰ ਰਹੇ ਹਾਂ।’’ 20 ਜੁਲਾਈ ਨੂੰ, ਬੈਂਚ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਚੜ੍ਹਾਵੇ ਵਿੱਚ ਕਥਿਤ ਹੇਰਾਫੇਰੀ ਦੀ ਜਾਂਚ ਲਈ ਸਿਟ ਕਾਇਮ ਕਰਨ ਦੀ ਸੰਭਾਵਨਾ ਬਾਰੇ ਸੂਚਿਤ ਕਰਨ ਲਈ ਕਿਹਾ ਸੀ।

Share: