Satluj Film Controversy: ਨੌਜਵਾਨਾਂ ’ਤੇ ਦਰਜ ਕੇਸ ਰੱਦ ਕਰਵਾਉਣ ਲਈ ਮੁਜ਼ਾਹਰਾ

Satluj Film Controversy: ਨੌਜਵਾਨਾਂ ’ਤੇ ਦਰਜ ਕੇਸ ਰੱਦ ਕਰਵਾਉਣ ਲਈ ਮੁਜ਼ਾਹਰਾ

ਪਟਿਆਲਾ : ਪਟਿਆਲਾ ਦੇ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਦੰਦਰਾਲਾ ਖਰੌੜ ਵਿੱਚ ਪਿਛਲੇ ਦਿਨੀਂ ਸਤਲੁਜ ਫਿਲਮ ਦਿਖਾਉਣ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹੋਰ ਭਖ ਗਿਆ ਹੈ। ਇਸ ਮਾਮਲੇ ਦੇ ਸਬੰਧ ਵਿੱਚ ਸਮਾਜ ਸੇਵੀ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਪਿੰਡ ਵਾਸੀਆਂ ਦੇ ਇੱਕ ਧੜੇ ਵੱਲੋਂ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਕੋਲ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ 11 ਜੁਲਾਈ ਨੂੰ ਸਰਪੰਚ ਧਿਰ ਦੇ ਜਤਿੰਦਰ ਸਿੰਘ ਵੱਲੋਂ ਪਿੰਡ ਦੇ ਹੀ ਟਿੰਕੂ ਬੱਟਾ, ਗੁਰਦੀਪ ਸਿੰਘ ਅਤੇ ਫੱਗਣਮਾਜਰਾ ਦੇ ਜਸਵਿੰਦਰ ਸਿੰਘ ਖ਼ਿਲਾਫ਼ ਦਰਜ ਕਰਵਾਏ ਗਏ ਕੇਸ ਨੂੰ ਸਰਾਸਰ ਝੂਠਾ ਦੱਸਦਿਆਂ ਇਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੀ ਧਿਰ ਵੱਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਨਾਮਜ਼ਦ ਪਿੰਡ ਦੇ ਸਰਪੰਚ ਬੇਅੰਤ ਸਿੰਘ ਸਮੇਤ ਸਾਰੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਵੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਇਸ ਵਿਵਾਦ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪਿਛਲੇ ਦਿਨੀਂ ਟਿੰਕੂ ਬੱਟਾ ਅਤੇ ਉਸ ਦੇ ਸਾਥੀਆਂ ਨੇ ਪਿੰਡ ਵਿੱਚ ਸਤਲੁਜ ਫਿਲਮ ਦਿਖਾਈ। ਇਸ ਤੋਂ ਅਗਲੇ ਦਿਨ ਸਰਪੰਚ ਬੇਅੰਤ ਸਿੰਘ ਦੇ ਹਵਾਲੇ ਨਾਲ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਗਈ ਕਿ ਭਵਿੱਖ ਵਿੱਚ ਅਜਿਹੇ ਕਿਸੇ ਵੀ ਪ੍ਰੋਗਰਾਮ ਸਬੰਧੀ ਪੰਚਾਇਤ ਨੂੰ ਪਹਿਲਾਂ ਸੂਚਿਤ ਕਰਨਾ ਲਾਜ਼ਮੀ ਹੋਵੇਗਾ। ਫਿਲਮ ਦਿਖਾਉਣ ਵਾਲੀ ਧਿਰ ਨੇ ਇਸ ਅਨਾਊਂਸਮੈਂਟ ਵਿੱਚ ਵਰਤੇ ਗਏ ਕੁਝ ਗਲਤ ਸ਼ਬਦਾਂ ’ਤੇ ਸਖ਼ਤ ਇਤਰਾਜ਼ ਜਤਾਇਆ ਸੀ, ਜਿਸ ਮਗਰੋਂ ਸੋਸ਼ਲ ਮੀਡੀਆ ’ਤੇ ਵੀ ਤਿੱਖੀ ਬਹਿਸ ਛਿੜ ਗਈ ਸੀ। ਮਾਮਲੇ ਨੂੰ ਸੁਲਝਾਉਣ ਲਈ ਪੰਚਾਇਤ ਵੱਲੋਂ ਇੱਕ ਇਕੱਠ ਵੀ ਸੱਦਿਆ ਗਿਆ, ਪਰ ਉੱਥੇ ਹੋਏ ਝਗੜੇ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਕਾਨੂੰਨੀ ਲੜਾਈ ਸ਼ੁਰੂ ਹੋ ਗਈ। ਭਾਦਸੋਂ ਪੁਲੀਸ ਨੇ ਟਿੰਕੂ ਬੱਟਾ ਅਤੇ ਜਸਵਿੰਦਰ ਸਿੰਘ ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸਰਪੰਚ ਬੇਅੰਤ ਸਿੰਘ ਅਤੇ ਹੋਰਨਾਂ ਖ਼ਿਲਾਫ਼ ਦੋ ਵੱਖ-ਵੱਖ ਮੁਕੱਦਮੇ ਦਰਜ ਕੀਤੇ। ਦੂਜੇ ਪਾਸੇ, ਸਰਪੰਚ ਧਿਰ ਦੇ ਜਤਿੰਦਰ ਸਿੰਘ ਦੀ ਸ਼ਿਕਾਇਤ ’ਤੇ ਟਿੰਕੂ ਬੱਟਾ ਅਤੇ ਜਸਵਿੰਦਰ ਸਿੰਘ ਵਿਰੁੱਧ ਵੀ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ।

ਇਸ ਮਾਮਲੇ ਵਿੱਚ ਫਿਲਮ ਨਿਰਦੇਸ਼ਕ ਅਮਿਤੋਜ ਮਾਨ ਅਤੇ ਹੋਰ ਪ੍ਰਮੁੱਖ ਸਮਾਜ ਸੇਵੀ ਵੀ ਟਿੰਕੂ ਬੱਟਾ ਦੀ ਹਮਾਇਤ ਵਿੱਚ ਨਿੱਤਰ ਆਏ ਹਨ। ਅੱਜ ਦੇ ਧਰਨੇ ਵਿੱਚ ਸ਼ਾਮਲ ਹੁੰਦਿਆਂ ਉਨ੍ਹਾਂ ਨੇ ਸਰਪੰਚ ’ਤੇ ਸਰਕਾਰ ਦੀ ਸ਼ਹਿ ’ਤੇ ਕਥਿਤ ਗੁੰਡਾਗਰਦੀ ਕਰਨ, ਫਿਲਮ ਦਿਖਾਉਣ ਵਾਲਿਆਂ ਦੀ ਕੁੱਟਮਾਰ ਕਰਨ ਅਤੇ ਬਾਅਦ ਵਿੱਚ ਉਨ੍ਹਾਂ ’ਤੇ ਝੂਠੇ ਕੇਸ ਦਰਜ ਕਰਵਾਉਣ ਦੇ ਗੰਭੀਰ ਦੋਸ਼ ਲਾਏ। ਧਰਨੇ ਦੌਰਾਨ ਕੁਲਦੀਪ ਸਿੰਘ ਭੂਰਾ ਅਤੇ ਉਨ੍ਹਾਂ ਦੀ ਪਤਨੀ ਕਿਰਨਦੀਪ ਕੌਰ ਨੇ ਵੀ ਸਰਪੰਚ ’ਤੇ ਕੁੱਟਮਾਰ ਦੇ ਇਲਜ਼ਾਮ ਲਾਉਂਦਿਆਂ ਨਿਰਪੱਖ ਜਾਂਚ ਦੀ ਮੰਗ ਕੀਤੀ। ਦੂਜੇ ਪਾਸੇ ਸੰਪਰਕ ਕਰਨ ’ਤੇ ਸਰਪੰਚ ਬੇਅੰਤ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਇਨ੍ਹਾਂ ਦਾ ਪੂਰੀ ਤਰ੍ਹਾਂ ਖੰਡਨ ਕੀਤਾ ਹੈ।

Share: