ਹੁਣ ਸਫ਼ਰ ਕਰਨਾ ਹੋਇਆ ਹੋਰ ਮਹਿੰਗਾ; ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਦਰਾਂ ਵਿੱਚ ਵਾਧਾ

ਹੁਣ ਸਫ਼ਰ ਕਰਨਾ ਹੋਇਆ ਹੋਰ ਮਹਿੰਗਾ; ਲਾਡੋਵਾਲ ਟੋਲ ਪਲਾਜ਼ਾ ’ਤੇ ਟੋਲ ਦਰਾਂ ਵਿੱਚ ਵਾਧਾ

ਫ਼ਿਲੌਰ (ਮਨੀਸ਼ ਰਿਹਾਨ) : ਨੈਸ਼ਨਲ ਹਾਈਵੇਅ ’ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਅੱਜ ਤੋਂ ਵੱਧ ਜੇਬ ਢਿੱਲੀ ਕਰਨੀ ਪਵੇਗੀ, ਕਿਉਂਕਿ ਵਿੱਤੀ ਸਾਲ 2026-27 ਲਈ ਸੋਧੀਆਂ ਗਈਆਂ ਨਵੀਆਂ ਟੋਲ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ। ਹਾਲਾਂਕਿ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਲਈ ਟੋਲ ਦਰਾਂ ਵਧਾ ਦਿੱਤੀਆਂ ਗਈਆਂ ਹਨ, ਪਰ ਸਥਾਨਕ ਯੋਗ ਵਾਹਨ ਚਾਲਕਾਂ ਨੂੰ ਮਿਲਣ ਵਾਲੀ ਰਾਹਤ ਬਰਕਰਾਰ ਰੱਖੀ ਗਈ ਹੈ, ਜਿਸ ਤਹਿਤ ਸਥਾਨਕ ਲੋਕਾਂ ਦਾ ਮਹੀਨਾਵਾਰ ਪਾਸ ਪਹਿਲਾਂ ਵਾਂਗ 360 ਰੁਪਏ ਦਾ ਹੀ ਬਣੇਗਾ।

‘ਦ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਟੋਲ ਪਲਾਜ਼ਾ ਦੇ ਮੈਨੇਜਰ ਵਿਪਿਨ ਰਾਓ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਨੋਟੀਫਿਕੇਸ਼ਨ ਮੁਤਾਬਕ ਨਵੀਆਂ ਦਰਾਂ ਅੱਜ ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਟੋਲ ਪਲਾਜ਼ਾ ’ਤੇ ਨਵਾਂ ਰੇਟ ਚਾਰਟ ਲਗਾ ਦਿੱਤਾ ਗਿਆ ਹੈ ਅਤੇ ਵਾਹਨ ਚਾਲਕਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇੱਕ ਹੋਰ ਮੈਨੇਜਰ ਦੀਪਇੰਦਰ ਪਾਲ ਨੇ ਦੱਸਿਆ ਕਿ ਸਾਰੀਆਂ ਫਾਸਟੈਗ (FASTag) ਲੇਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ ਅਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਖੱਜਲ-ਖ਼ੁਆਰੀ ਤੋਂ ਬਚਣ ਲਈ ਆਪਣੇ ਫਾਸਟੈਗ ਖਾਤਿਆਂ ਵਿੱਚ ਲੋੜੀਂਦਾ ਬੈਲੇਂਸ ਰੱਖਣ।

ਵਾਹਨ ਦੀ ਸ਼੍ਰੇਣੀ ਇੱਕ ਪਾਸੇ ਦੀ ਯਾਤਰਾ (Single) ਦੋਵੇਂ ਪਾਸੇ ਦੀ ਯਾਤਰਾ (Return)
ਕਾਰ, ਜੀਪ, ਵੈਨ ਅਤੇ ਹਲਕੇ ਵਾਹਨ ₹235 ₹350
ਹਲਕੇ ਵਪਾਰਕ ਵਾਹਨ ਤੇ ਮਿੰਨੀ ਬੱਸਾਂ ₹380 ₹570
ਬੱਸਾਂ ਅਤੇ 2-ਐਕਸਲ ਟਰੱਕ ₹795 ₹1,190
3-ਐਕਸਲ ਵਪਾਰਕ ਵਾਹਨ ₹865 ₹1,300
ਭਾਰੀ ਮਸ਼ੀਨਰੀ ਤੇ ਮਲਟੀ-ਐਕਸਲ ਵਾਹਨ (4 ਤੋਂ 6 ਐਕਸਲ) ₹1,245 ₹1,865
7 ਜਾਂ ਇਸ ਤੋਂ ਵੱਧ ਐਕਸਲ ਵਾਲੇ ਵਾਹਨ ₹1,515 ₹2,270

ਸਥਾਨਕ ਲੋਕਾਂ ਲਈ ਰਾਹਤ ਜਾਰੀ

ਨਵੇਂ ਨੋਟੀਫਿਕੇਸ਼ਨ ਵਿੱਚ ਸਥਾਨਕ ਲੋਕਾਂ ਨੂੰ ਦਿੱਤੀ ਗਈ ਰਾਹਤ ਨੂੰ ਜਾਰੀ ਰੱਖਿਆ ਗਿਆ ਹੈ। ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਰਹਿਣ ਵਾਲੇ ਗੈਰ-ਵਪਾਰਕ ਵਾਹਨਾਂ ਦੇ ਮਾਲਕ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਕੇ 360 ਰੁਪਏ ਵਿੱਚ ਆਪਣਾ ਮਹੀਨਾਵਾਰ ਪਾਸ ਬਣਵਾ ਸਕਦੇ ਹਨ। ਇਸ ਤੋਂ ਇਲਾਵਾ, ਵੈਧ ਫਾਸਟੈਗ ਵਾਲੇ ਯੋਗ ਗੈਰ-ਵਪਾਰਕ ਵਾਹਨਾਂ ਲਈ 3,075 ਰੁਪਏ ਦਾ ਸਾਲਾਨਾ ਪਾਸ ਵੀ ਨੋਟੀਫਾਈ ਕੀਤਾ ਗਿਆ ਹੈ। ਟੋਲ ਪ੍ਰਬੰਧਕਾਂ ਨੇ ਮੁੜ ਸਪੱਸ਼ਟ ਕੀਤਾ ਹੈ ਕਿ ਹਾਈਵੇਅ ’ਤੇ ਸਫ਼ਰ ਕਰਨ ਵਾਲੇ ਹਰ ਵਾਹਨ ਲਈ ਫਾਸਟੈਗ ਲਾਜ਼ਮੀ ਹੈ।

Share: