ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ General VN Sharma ਦਾ ਦੇਹਾਂਤ

ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ General VN Sharma ਦਾ ਦੇਹਾਂਤ

ਧਰਮਸ਼ਾਲਾ : ਭਾਰਤੀ ਥਲ ਸੈਨਾ ਦੇ 14ਵੇਂ ਮੁਖੀ (COAS) ਜਨਰਲ ਵਿਸ਼ਵ ਨਾਥ ਸ਼ਰਮਾ ਦੇ ਦੇਹਾਂਤ ਨਾਲ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 97 ਸਾਲ ਦੀ ਉਮਰ ਵਿੱਚ ਅੰਤਿਮ ਸਾਹ ਲੈਣ ਵਾਲੇ ਜਨਰਲ ਸ਼ਰਮਾ ਨੇ 1988 ਤੋਂ 1990 ਤੱਕ ਭਾਰਤੀ ਫ਼ੌਜ ਦੇ ਮੁਖੀ ਵਜੋਂ ਸੇਵਾਵਾਂ ਨਿਭਾਈਆਂ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਨੀਵਾਰ ਸਵੇਰੇ ਦਿੱਲੀ ਦੇ ਬਰਾਰ ਸਕੁਏਅਰ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਕਾਂਗੜਾ ਦੇ ਲੋਕਾਂ ਨੇ ਉਨ੍ਹਾਂ ਨੂੰ ਇੱਕ ਮਹਾਨ ਯੋਧਾ ਵਜੋਂ ਯਾਦ ਕੀਤਾ, ਜਿਨ੍ਹਾਂ ਦੀਆਂ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਕਾਂਗੜਾ ’ਚ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਦੋਸਤਾਂ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਮਿਸਾਲੀ ਸੀ ਅਤੇ ਉਨ੍ਹਾਂ ਦੀਆਂ ਪ੍ਰੇਰਨਾਦਾਇਕ ਕਹਾਣੀਆਂ ਹਮੇਸ਼ਾ ਯਾਦ ਰਹਿਣਗੀਆਂ।

1930 ਵਿੱਚ ਫ਼ੌਜ ਵਿੱਚ ਹੋਏ ਸਨ ਸ਼ਾਮਲ

4 ਜੂਨ, 1930 ਨੂੰ ਜਨਮੇ ਜਨਰਲ ਵੀ.ਐੱਨ. ਸ਼ਰਮਾ ਜੂਨ 1950 ਵਿੱਚ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਏ ਸਨ। ਉਹ ਭਾਰਤੀ ਫ਼ੌਜ ਦੇ ਪਹਿਲੇ ‘ਪ੍ਰੈਜ਼ੀਡੈਂਟਸ ਕਮਿਸ਼ਨਡ ਅਫ਼ਸਰ’ ਸਨ ਜੋ ਫ਼ੌਜ ਮੁਖੀ ਦੇ ਅਹੁਦੇ ਤੱਕ ਪਹੁੰਚੇ। ਉਨ੍ਹਾਂ ਨੇ 1988 ਤੋਂ 1990 ਦੇ ਨਾਜ਼ੁਕ ਦੌਰ ਦੌਰਾਨ ਫ਼ੌਜ ਦੀ ਨੁਮਾਇੰਦਗੀ ਕੀਤੀ ਅਤੇ ਆਪਣੀ ਪੇਸ਼ੇਵਰਤਾ ’ਤੇ ਲੀਡਰਸ਼ਿਪ ਲਈ ਵੱਡਾ ਸਤਿਕਾਰ ਖੱਟਿਆ।

ਜਨਰਲ ਸ਼ਰਮਾ ਦੇ ਪਰਿਵਾਰ ਦੀਆਂ ਜੜ੍ਹਾਂ ਡੋਗਰਾ ਖੇਤਰ ਨਾਲ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਦਾ ਪਰਿਵਾਰ ਕਾਂਗੜਾ ਦੇ ਦਾੜ੍ਹ (Dadh) ਪਿੰਡ ਵਿੱਚ ਵਸਿਆ ਹੋਇਆ ਹੈ। ਉਹ ਆਜ਼ਾਦ ਭਾਰਤ ਦੇ ਪਹਿਲੇ ‘ਪਰਮਵੀਰ ਚੱਕਰ’ ਜੇਤੂ ਮੇਜਰ ਸੋਮਨਾਥ ਸ਼ਰਮਾ ਦੇ ਸਭ ਤੋਂ ਛੋਟੇ ਭਰਾ ਸਨ, ਜਿਨ੍ਹਾਂ ਨੇ 1947-48 ਦੀ ਕਸ਼ਮੀਰ ਜੰਗ ਦੌਰਾਨ ਸ਼ਹਾਦਤ ਦਿੱਤੀ ਸੀ।

ਉਨ੍ਹਾਂ ਦੇ ਪਿਤਾ ਮੇਜਰ ਜਨਰਲ ਅਮਰ ਨਾਥ ਸ਼ਰਮਾ ਵੀ ਫ਼ੌਜ ਵਿੱਚ ਸੇਵਾ ਨਿਭਾ ਚੁੱਕੇ ਸਨ, ਜਦੋਂਕਿ ਉਨ੍ਹਾਂ ਦੇ ਵੱਡੇ ਭਰਾ ਲੈਫਟੀਨੈਂਟ ਜਨਰਲ ਸੁਰਿੰਦਰ ਨਾਥ ਸ਼ਰਮਾ (103 ਸਾਲ) ਭਾਰਤੀ ਫ਼ੌਜ ਦੇ ਇੰਜੀਨੀਅਰ-ਇਨ-ਚੀਫ਼ ਰਹੇ ਹਨ। ਜਨਰਲ ਸ਼ਰਮਾ ਹਾਲ ਹੀ ਵਿੱਚ ਆਪਣੇ ਜੱਦੀ ਪਿੰਡ ਤੋਂ ਦਿੱਲੀ ਸਥਿਤ ਆਪਣੀ ਰਿਹਾਇਸ਼ ਵਿਖੇ ਗਏ ਸਨ।

Share: