ਅੰਮ੍ਰਿਤਸਰ ਤੋਂ ਉੱਡੋ ਤੇ ਸਿੱਧਾ ਵਿਦੇਸ਼ ਉੱਤਰੋ: ਜਾਣੋ ਕੀ ਹੈ ‘ਈਜ਼ੀ ਕਨੈਕਟ’

ਅੰਮ੍ਰਿਤਸਰ ਤੋਂ ਉੱਡੋ ਤੇ ਸਿੱਧਾ ਵਿਦੇਸ਼ ਉੱਤਰੋ: ਜਾਣੋ ਕੀ ਹੈ ‘ਈਜ਼ੀ ਕਨੈਕਟ’

ਚੰਡੀਗੜ੍ਹ : ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ ਜਾਣ ਵਾਲੇ ਹਵਾਈ ਯਾਤਰੀਆਂ ਨੂੰ ਅੱਜ ਇੱਕ ਵੱਡੀ ਸੌਗਾਤ ਮਿਲੀ ਹੈ। ਏਅਰ ਇੰਡੀਆ ਵੱਲੋਂ ਆਪਣੀ ਨਵੀਂ ‘ਈਜ਼ੀ ਕਨੈਕਟ’ (ਹਬ-ਐਂਡ-ਸਪੋਕ) ਫਲਾਈਟ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਵੀਂ ਸੇਵਾ ਦਾ ਉਦਘਾਟਨ ਅੱਜ ਸਵੇਰੇ 7 ਵਜੇ ਯੂਨੀਅਨ ਸਿਵਲ ਏਵੀਏਸ਼ਨ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਵੱਲੋਂ ਵਰਚੁਅਲ ਢੰਗ ਨਾਲ ਕੀਤਾ ਗਿਆ। ਇਸ ਸੇਵਾ ਦੇ ਸ਼ੁਰੂ ਹੋਣ ਨਾਲ ਅਮਰੀਕਾ, ਕੈਨੇਡਾ, ਆਸਟਰੇਲੀਆ ਅਤੇ ਹੋਰ ਦੇਸ਼ਾਂ ਨੂੰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਹੁਣ ਯਾਤਰੀਆਂ ਦਾ ਸਮਾਨ ਅੰਮ੍ਰਿਤਸਰ ਤੋਂ ਹੀ ਸਿੱਧਾ ਅੰਤਿਮ ਪੜਾਅ (Destination) ਲਈ ਬੁੱਕ ਹੋ ਜਾਵੇਗਾ। ਇਸ ਨਾਲ ਯਾਤਰੀਆਂ ਨੂੰ ਦਿੱਲੀ ਹਵਾਈ ਅੱਡੇ ’ਤੇ ਪਹੁੰਚ ਕੇ ਦੁਬਾਰਾ ਆਪਣਾ ਸਮਾਨ ਲੈਣ, ਚੈੱਕ-ਇਨ ਕਰਨ ਜਾਂ ਇਮੀਗ੍ਰੇਸ਼ਨ ਦੀਆਂ ਲੰਬੀਆਂ ਲਾਈਨਾਂ ਵਿੱਚ ਲੱਗਣ ਦੀ ਲੋੜ ਨਹੀਂ ਪਵੇਗੀ।

ਏਅਰ ਇੰਡੀਆ ਦੀ ‘ਈਜ਼ੀ ਕਨੈਕਟ’ ਸੇਵਾ ਕੀ ਹੈ?

ਇਹ ਇੱਕ ਅਜਿਹੀ ਸੁਵਿਧਾ ਹੈ ਜਿਸ ਵਿੱਚ ਯਾਤਰੀ ਅੰਮ੍ਰਿਤਸਰ ਤੋਂ ਹੀ ਆਪਣੇ ਆਖਰੀ ਕੌਮਾਂਤਰੀ ਮੁਕਾਮ ਤੱਕ ਚੈੱਕ-ਇਨ ਕਰ ਸਕਦੇ ਹਨ। ਦਿੱਲੀ ਪਹੁੰਚ ਕੇ ਉਨ੍ਹਾਂ ਨੂੰ ਦੁਬਾਰਾ ਬੈਗੇਜ ਚੈੱਕ-ਇਨ, ਟਰਮੀਨਲ ਬਦਲਣ ਜਾਂ ਇਮੀਗ੍ਰੇਸ਼ਨ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਪਵੇਗਾ। ਯਾਤਰੀ ਦਿੱਲੀ ਤੋਂ ਸਿੱਧੇ ਕੌਮਾਂਤਰੀ ਟਰਾਂਜ਼ਿਟ ਰਾਹੀਂ ਅਗਲੀ ਉਡਾਣ ਫੜ ਸਕਣਗੇ। 28 ਜੁਲਾਈ ਤੋਂ ਅੰਮ੍ਰਿਤਸਰ ਤੋਂ ਇਹ ਸੇਵਾ ਸ਼ੁਰੂ ਹੋ ਗਈ ਹੈ।

ਅੰਮ੍ਰਿਤਸਰ ਤੋਂ ਰੋਜ਼ਾਨਾ ਕਿੰਨੀਆਂ ‘ਈਜ਼ੀ ਕਨੈਕਟ’ ਉਡਾਣਾਂ ਚੱਲਣਗੀਆਂ?

ਰੋਜ਼ਾਨਾ ਦੋ ਉਡਾਣਾਂ ਸੰਚਾਲਿਤ ਕੀਤੀਆਂ ਜਾਣਗੀਆਂ। ਪਹਿਲੀ ਫਲਾਈਟ (AI-1113) ਸਵੇਰੇ 9:10 ਵਜੇ ਰਵਾਨਾ ਹੋ ਕੇ 10:40 ਵਜੇ ਦਿੱਲੀ ਪਹੁੰਚੇਗੀ। ਦੂਜੀ ਫਲਾਈਟ (AI-1115) ਰਾਤ 10:00 ਵਜੇ ਰਵਾਨਾ ਹੋ ਕੇ 11:20 ਵਜੇ ਦਿੱਲੀ ਪਹੁੰਚੇਗੀ।

ਦਿੱਲੀ ਤੋਂ ਅਗਲੀ ਕੌਮਾਂਤਰੀ ਫਲਾਈਟ ਕਿੰਨੀ ਦੇਰ ਵਿੱਚ ਮਿਲੇਗੀ?

ਦਿੱਲੀ ਪਹੁੰਚਣ ਦੇ 4 ਘੰਟਿਆਂ ਦੇ ਅੰਦਰ ਕੌਮਾਂਤਰੀ ਫਲਾਈਟ ਮਿਲ ਜਾਵੇਗੀ। ਇੱਥੋਂ ਲਗਭਗ 27 ਕੌਮਾਂਤਰੀ ਮੁਕਾਮਾਂ ਲਈ ਕਨੈਕਟਿੰਗ ਉਡਾਣਾਂ ਉਪਲਬਧ ਹੋਣਗੀਆਂ।

ਇਹ ਸੁਵਿਧਾ ਕਿਹੜੇ ਦੇਸ਼ਾਂ ਅਤੇ ਖੇਤਰਾਂ ਲਈ ਮਿਲੇਗੀ?

ਇਹ ਸੁਵਿਧਾ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ (UK), ਯੂਰਪ ਅਤੇ ਹੋਰ ਪ੍ਰਮੁੱਖ ਕੌਮਾਂਤਰੀ ਰੂਟਾਂ ਲਈ ਉਪਲਬਧ ਹੋਵੇਗੀ।

Share: