ਵਿਕਟੋਰੀਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਸ਼ਲਜ਼ ਦੇ ਆਪਣੇ ਤਿੰਨ ਰੋਜ਼ਾ ਦੌਰੇ ਦੌਰਾਨ ਹਿੰਦ ਮਹਾਸਾਗਰ ਵਿੱਚ ਸਮੁੰਦਰੀ ਸੁਰੱਖਿਆ ਅਤੇ ਆਰਥਿਕ ਖ਼ੁਸ਼ਹਾਲੀ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਾਫ਼ ਕੀਤਾ ਕਿ ਭਾਰਤ ਦੀ ਭਾਈਵਾਲੀ ਦੇਸ਼ ਦੇ ਆਕਾਰ ’ਤੇ ਨਹੀਂ ਸਗੋਂ ਆਪਸੀ ਸਤਿਕਾਰ ਅਤੇ ਭਰੋਸੇ ’ਤੇ ਆਧਾਰਿਤ ਹੈ। ਸੇਸ਼ਲਜ਼ ਦੇ ਰਾਸ਼ਟਰਪਤੀ ਪੈਟਰਿਕ ਹਰਮਿਨੀ ਨਾਲ ਉੱਚ ਪੱਧਰੀ ਗੱਲਬਾਤ ਦੌਰਾਨ ਮੋਦੀ ਨੇ ਕਿਹਾ ਕਿ ਦੋਵਾਂ ਮੁਲਕਾਂ ਦੀ ਰੱਖਿਆ ਅਤੇ ਸੁਰੱਖਿਆ ਇੱਕ-ਦੂਜੇ ਦਾ ਅਨਿੱਖੜਵਾਂ ਅੰਗ ਹਨ। ਉਨ੍ਹਾਂ ਹਿੰਦ ਮਹਾਸਾਗਰ ਨੂੰ ਸਾਂਝਾ ਘਰ ਦੱਸਦਿਆਂ ਇਸ ਦੀ ਸੁਰੱਖਿਆ ਨੂੰ ਸਾਂਝੀ ਜ਼ਿੰਮੇਵਾਰੀ ਕਰਾਰ ਦਿੱਤਾ। ਉਨ੍ਹਾਂ ਡਿਜੀਟਲ ਢਾਂਚੇ ਵਿੱਚ ਆਪਣਾ ਤਜਰਬਾ ਸਾਂਝਾ ਕਰਨ ਅਤੇ ਆਰਥਿਕ ਸਹਿਯੋਗ ਵਧਾਉਣ ਦਾ ਭਰੋਸਾ ਵੀ ਦਿੱਤਾ। ਰਾਸ਼ਟਰਪਤੀ ਹਰਮਿਨੀ ਨੇ ਸਮੁੰਦਰੀ ਡਾਕੂਆਂ, ਨਸ਼ਾ ਤਸਕਰੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਮੱਛੀ ਫੜਨ ਵਰਗੀਆਂ ਗਤੀਵਿਧੀਆਂ ਰੋਕਣ ਲਈ ਵਚਨਬੱਧਤਾ ਦੁਹਰਾਈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ 17.5 ਕਰੋੜ ਡਾਲਰ ਦੇ ਆਰਥਿਕ ਪੈਕੇਜ ਬਾਰੇ ਵੀ ਚਰਚਾ ਹੋਈ।
ਮੋਦੀ ਨੂੰ ‘ਗਾਰਡੀਅਨ ਆਫ ਦਿ ਬਲੂ ਹੋਰਾਈਜ਼ਨ’ ਐਵਾਰਡ
ਵਿਕਟੋਰੀਆ: ਸੇਸ਼ਲਜ਼ ਦੇ ਰਾਸ਼ਟਰਪਤੀ ਪੈਟਰਿਕ ਹਰਮਿਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਤਾਵਰਨ ਸੰਭਾਲ ਅਤੇ ਟਾਪੂ ਦੇਸ਼ਾਂ ਦੇ ਵਿਕਾਸ ਵਿੱਚ ਪਾਏ ਯੋਗਦਾਨ ਲਈ ‘ਗਾਰਡੀਅਨ ਆਫ ਦਿ ਬਲੂ ਹੋਰਾਈਜ਼ਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਮੋਦੀ ਦਾ 34ਵਾਂ ਕੌਮਾਂਤਰੀ ਸਨਮਾਨ ਹੈ। ਪ੍ਰਧਾਨ ਮੰਤਰੀ ਨੇ ਇਸ ਲਈ ਸੇਸ਼ੇਲਜ਼ ਦਾ ਧੰਨਵਾਦ ਕਰਦਿਆਂ ਇਸ ਨੂੰ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਨਾਲ ਲੜ ਰਹੇ ਦੇਸ਼ਾਂ ਨੂੰ ਸਮਰਪਿਤ ਕੀਤਾ।

