Saket building collapse: ਮਕਾਨ ਮਾਲਕ 4 ਮੰਜ਼ਿਲਾਂ ਤੋਂ ਕਮਾ ਰਿਹਾ ਸੀ 10 ਲੱਖ ਮਹੀਨਾ, ਗ਼ੈਰ-ਕਾਨੂੰਨੀ ਤਰੀਕੇ ਨਾਲ 2 ਹੋਰ ਲੈਂਟਰ ਪਾਉਣ ਦੀ ਸੀ ਤਿਆਰੀ

Saket building collapse: ਮਕਾਨ ਮਾਲਕ 4 ਮੰਜ਼ਿਲਾਂ ਤੋਂ ਕਮਾ ਰਿਹਾ ਸੀ 10 ਲੱਖ ਮਹੀਨਾ, ਗ਼ੈਰ-ਕਾਨੂੰਨੀ ਤਰੀਕੇ ਨਾਲ 2 ਹੋਰ ਲੈਂਟਰ ਪਾਉਣ ਦੀ ਸੀ ਤਿਆਰੀ

ਨਵੀਂ ਦਿੱਲੀ : ਦਿੱਲੀ ਦੇ ਸਾਕੇਤ( Saket) ਇਲਾਕੇ ਵਿੱਚ ਲੰਘੀ 30 ਮਈ ਨੂੰ ਵਾਪਰੇ ਭਿਆਨਕ ਇਮਾਰਤ ਹਾਦਸੇ ਦੀ ਜਾਂਚ ਕਰ ਰਹੀ ਪੁਲੀਸ ਦੇ ਹੱਥ ਕਈ ਚੌਂਕਾਉਣ ਵਾਲੇ ਤੱਥ ਲੱਗੇ ਹਨ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਪੁਲੀਸ ਜਾਂਚ ਮੁਤਾਬਕ, ਮਹਿਜ਼ ਪੈਸੇ ਦੀ ਹਵਸ ਅਤੇ ਗ਼ੈਰ-ਕਾਨੂੰਨੀ ਉਸਾਰੀ ਕਾਰਨ ਇਹ ਬਹੁ-ਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਬੈਠ ਗਈ। ਗ੍ਰਿਫ਼ਤਾਰ ਕੀਤੇ ਗਏ 71 ਸਾਲਾ ਮਕਾਨ ਮਾਲਕ ਕਰਮਵੀਰ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਇਮਾਰਤ ਦੀਆਂ 4 ਮੰਜ਼ਿਲਾਂ ਤੋਂ ਹਰ ਮਹੀਨੇ ਲਗਭਗ 10 ਲੱਖ ਰੁਪਏ ਕਿਰਾਇਆ ਵਸੂਲ ਰਿਹਾ ਸੀ। ਹਰ ਮੰਜ਼ਿਲ ਨੂੰ ਢਾਈ-ਢਾਈ ਲੱਖ ਰੁਪਏ ਮਹੀਨਾਵਾਰ ਕਿਰਾਏ ’ਤੇ ਦਿੱਤਾ ਹੋਇਆ ਸੀ।

ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਇਮਾਰਤ ਉੱਤੇ ਦੋ ਹੋਰ ਮੰਜ਼ਿਲਾਂ ਦੀ ਉਸਾਰੀ ਕੀਤੀ ਜਾ ਰਹੀ ਸੀ। ਕਰਮਵੀਰ ਨੇ ਇਨ੍ਹਾਂ ਨਵੀਆਂ ਮੰਜ਼ਿਲਾਂ ਨੂੰ ਖਰੀਦਣ ਵਾਲਿਆਂ ਅਤੇ ਨਿਵੇਸ਼ਕਾਂ ਨਾਲ ਪਹਿਲਾਂ ਹੀ ਗੱਲਬਾਤ ਤੈਅ ਕਰ ਲਈ ਸੀ, ਜਿਸ ਤੋਂ ਉਸ ਨੂੰ ਹਰ ਮਹੀਨੇ 5 ਲੱਖ ਰੁਪਏ ਦੀ ਵਾਧੂ ਕਮਾਈ ਹੋਣੀ ਸੀ। ਮੰਗਲਵਾਰ ਨੂੰ ਮਲਬਾ ਹਟਾਉਣ ਦੀ ਕਾਰਵਾਈ ਦੌਰਾਨ ਪੁਲੀਸ ਨੇ ਮੌਕੇ ਤੋਂ ਕਰਮਵੀਰ ਦੇ ਨਾਂ ’ਤੇ ਰਜਿਸਟਰਡ ਕਈ ਬਿਜਲੀ ਦੇ ਮੀਟਰ ਬਰਾਮਦ ਕੀਤੇ ਹਨ, ਜੋ ਅਦਾਲਤ ਵਿੱਚ ਬਿਲਡਿੰਗ ਦੀ ਮਾਲਕੀ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਸਾਬਤ ਕਰਨ ਲਈ ਅਹਿਮ ਦਸਤਾਵੇਜ਼ੀ ਸਬੂਤ ਬਣਨਗੇ। ਪੁਲੀਸ ਨੇ ਹੁਣ ਇਮਾਰਤ ਵਿੱਚ ਰਹਿਣ ਵਾਲੇ ਕਿਰਾਏਦਾਰਾਂ ਅਤੇ ਕਾਰੋਬਾਰੀਆਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਜਾ ਰਿਹਾ ਹੈ ਕਿ ਇਹ ਉਸਾਰੀ ਕਦੋਂ ਸ਼ੁਰੂ ਹੋਈ ਸੀ, ਹਾਦਸੇ ਵੇਲੇ ਅੰਦਰ ਕਿੰਨੇ ਲੋਕ ਮੌਜੂਦ ਸਨ ਅਤੇ ਕੀ ਉਨ੍ਹਾਂ ਨੂੰ ਹਾਦਸੇ ਤੋਂ ਪਹਿਲਾਂ ਇਮਾਰਤ ਦੇ ਕਮਜ਼ੋਰ ਹੋਣ ਦਾ ਕੋਈ ਖ਼ਦਸ਼ਾ ਹੋਇਆ ਸੀ। ਸੂਤਰਾਂ ਮੁਤਾਬਕ, ਹੁਣ ਤੱਕ ਪੁਲੀਸ ਨੂੰ ਇਸ ਇਮਾਰਤ ਦਾ ਕੋਈ ਵੀ ਮੰਜੂਰਸ਼ੁਦਾ ਨਕਸ਼ਾ (Approved Building Plan) ਨਹੀਂ ਮਿਲਿਆ ਹੈ। ਜੇਕਰ ਇਹ ਸਾਬਤ ਹੁੰਦਾ ਹੈ ਕਿ ਇਮਾਰਤ ਬਿਨਾਂ ਨਕਸ਼ੇ ਜਾਂ ਨਿਯਮਾਂ ਦੇ ਉਲਟ ਬਣਾਈ ਗਈ ਸੀ, ਤਾਂ ਮਕਾਨ ਮਾਲਕ ਦੇ ਨਾਲ-ਨਾਲ ਬਿਲਡਰ ਸਮੇਤ ਕਈ ਹੋਰ ਲੋਕਾਂ ’ਤੇ ਵੀ ਅਪਰਾਧਿਕ ਮਾਮਲਾ ਦਰਜ ਹੋਵੇਗਾ।

ਦੂਜੇ ਪਾਸੇ, ਹਾਦਸੇ ਤੋਂ ਬਾਅਦ ਫ਼ਰਾਰ ਹੋਏ ਬਿਲਡਰ ਮਨੀਸ਼ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਪੁਲਿਸ ਨੂੰ ਉਸ ਦੀ ਆਖਰੀ ਲੋਕੇਸ਼ਨ ਉੱਤਰਾਖੰਡ ਦੇ ਦੇਹਰਾਦੂਨ ਵਿੱਚ ਮਿਲੀ ਹੈ, ਜਿਸ ਤੋਂ ਬਾਅਦ ਇੱਕ ਵਿਸ਼ੇਸ਼ ਪੁਲਿਸ ਟੀਮ ਉਸ ਨੂੰ ਦਬੋਚਣ ਲਈ ਰਵਾਨਾ ਕਰ ਦਿੱਤੀ ਗਈ ਹੈ। ਪੁਲੀਸ ਦਾ ਮੰਨਣਾ ਹੈ ਕਿ ਮਨੀਸ਼ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਇਮਾਰਤ ਦੇ ਨਿਰਮਾਣ, ਸਰਕਾਰੀ ਮਨਜ਼ੂਰੀਆਂ (ਜੇ ਕੋਈ ਹੋਵੇ) ਅਤੇ ਪੈਸਿਆਂ ਦੇ ਲੈਣ-ਦੇਣ ਦੇ ਵੱਡੇ ਰਾਜ਼ ਸਾਹਮਣੇ ਆਉਣਗੇ। ਦੱਸਣਯੋਗ ਹੈ ਕਿ 30 ਮਈ ਦੀ ਸ਼ਾਮ ਨੂੰ ਸਾਕੀਤ ਮੈਟਰੋ ਸਟੇਸ਼ਨ ਨੇੜੇ ਕੋਚਿੰਗ ਸੈਂਟਰ, ਕੈਫੇ ਅਤੇ ਦਫ਼ਤਰਾਂ ਵਾਲੀ ਇਹ ਕਮਰਸ਼ੀਅਲ ਇਮਾਰਤ ਡਿੱਗਣ ਕਾਰਨ 6 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ 8 ਜਣੇ ਗੰਭੀਰ ਜ਼ਖਮੀ ਹੋ ਗਏ ਸਨ।

Share: