ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਈਰਾਨ ਦੇ ਤਾਜ਼ਾ ਮਿਜ਼ਾਈਲ ਹਮਲਿਆਂ ਦਾ ਜਵਾਬ ਨਾ ਦੇਣ ਲਈ ਕਿਹਾ ਹੈ। ਟਰੰਪ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਹੋ ਰਹੀ ਸ਼ਾਂਤੀ ਗੱਲਬਾਤ ਖ਼ਤਰੇ ਵਿੱਚ ਪੈ ਸਕਦੀ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਅਤੇ ਈਰਾਨ ਸਮਝੌਤੇ ਦੇ ਬਹੁਤ ਨੇੜੇ ਹਨ ਅਤੇ ਅਗਲੇ ਕੁਝ ਦਿਨਾਂ (ਸੋਮਵਾਰ, ਮੰਗਲਵਾਰ ਜਾਂ ਬੁੱਧਵਾਰ) ਵਿੱਚ ਇਸ ‘ਤੇ ਦਸਤਖਤ ਹੋ ਸਕਦੇ ਹਨ। ਉਨ੍ਹਾਂ ਨੇ ਈਰਾਨ ਨੂੰ ਵੀ ਕਿਹਾ ਕਿ ਉਨ੍ਹਾਂ ਨੇ ਮਿਜ਼ਾਈਲਾਂ ਦਾਗ ਕੇ ਆਪਣਾ ‘ਸ਼ੌਕ’ ਪੂਰਾ ਕਰ ਲਿਆ ਹੈ, ਹੁਣ ਉਹ ਵਾਪਸ ਗੱਲਬਾਤ ਦੀ ਮੇਜ਼ ‘ਤੇ ਆਉਣ ਅਤੇ ਡੀਲ ਪੂਰੀ ਕਰਨ। ਟਰੰਪ ਮੁਤਾਬਕ ਈਰਾਨੀ ਹਮਲੇ ਵਿੱਚ ਕਿਸੇ ਦਾ ਨੁਕਸਾਨ ਨਹੀਂ ਹੋਇਆ ਹੈ, ਇਸ ਲਈ ਇਜ਼ਰਾਈਲ ਨੂੰ ਹੁਣ ਪਲਟਵਾਰ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਇਹ ਸਿਲਸਿਲਾ ਇਵੇਂ ਹੀ ਚੱਲਦਾ ਰਹੇਗਾ।
ਟਰੰਪ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਅਮਰੀਕਾ ਜੋ ਵੀ ਸਮਝੌਤਾ ਕਰੇਗਾ, ਨੇਤਨਯਾਹੂ ਕੋਲ ਉਸ ਨੂੰ ਮੰਨਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੋਵੇਗਾ, ਕਿਉਂਕਿ “ਸਾਰੇ ਫੈਸਲੇ ਮੈਂ (ਟਰੰਪ) ਲੈਂਦਾ ਹਾਂ।” ਟਰੰਪ ਨੇ ਐਤਵਾਰ ਨੂੰ ਬੇਰੂਤ ‘ਤੇ ਹੋਏ ਇਜ਼ਰਾਇਲੀ ਹਮਲਿਆਂ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਇਸ ਤੋਂ ਖ਼ੁਸ਼ ਨਹੀਂ ਹਨ। ਇੱਕ ਅਮਰੀਕੀ ਅਧਿਕਾਰੀ ਮੁਤਾਬਕ, ਜਦੋਂ ਟਰੰਪ ਨੇ ਨੇਤਨਯਾਹੂ ਨੂੰ ਫੋਨ ਕਰਕੇ ਹਮਲੇ ਰੋਕਣ ਲਈ ਕਿਹਾ, ਤਾਂ ਪਹਿਲਾਂ ਨੇਤਨਯਾਹੂ ਨੇ ਇਸ ਦਾ ਵਿਰੋਧ ਕੀਤਾ ਪਰ ਬਾਅਦ ਵਿੱਚ ਉਹ ਅੱਗੇ ਨਾ ਵਧਣ ਲਈ ‘ਅੱਧੇ-ਅਧੂਰੇ’ ਮਨ ਨਾਲ ਰਾਜ਼ੀ ਹੋ ਗਏ। ਇਹ ਫੋਨ ਕਾਲ ਪਿਛਲੇ ਹਫ਼ਤੇ ਦੇ ਮੁਕਾਬਲੇ ਕਾਫ਼ੀ ਸ਼ਾਂਤ ਸੀ ਅਤੇ ਟਰੰਪ ਨੇ ਨੇਤਨਯਾਹੂ ‘ਤੇ ਆਪਣੀ ਆਵਾਜ਼ ਉੱਚੀ ਨਹੀਂ ਕੀਤੀ।

