Fifa World Cup 2026: ਫੀਫਾ ਆਲਮੀ ਕੱਪ ਦਾ ਰੰਗਾਰੰਗ ਆਗਾਜ਼

Fifa World Cup 2026: ਫੀਫਾ ਆਲਮੀ ਕੱਪ ਦਾ ਰੰਗਾਰੰਗ ਆਗਾਜ਼

ਨਵੀਂ ਦਿੱਲੀ : ਮੇਜ਼ਬਾਨ ਮੈਕਸਿਕੋ ਤੇ ਦੱਖਣੀ ਅਫਰੀਕਾ ਦਰਮਿਆਨ ਫੁਟਬਾਲ ਮੁਕਾਬਲੇ ਨਾਲ ਫੀਫਾ ਆਲਮੀ ਕੱਪ 2026 ਦਾ ਦੇਰ ਰਾਤ ਰਸਮੀ ਰੰਗਾਰੰਗ ਆਗਾਜ਼ ਹੋ ਗਿਆ ਹੈ। ਉਦਘਾਟਨੀ ਮੁਕਾਬਲਾ ਮੈਕਸਿਕੋ ਸਿਟੀ ਦੇ ਅਸਟੇਡੀਓ ਐਜ਼ਟੇਕਾ ਸਟੇਡੀਅਮ ਵਿੱਚ ਖੇਡਿਆ ਗਿਆ। ਫੀਫਾ ਆਲਮੀ ਕੱਪ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਤਿੰਨ ਮੁਲਕ ਅਮਰੀਕਾ, ਕੈਨੇਡਾ ਤੇ ਮੈਕਸਿਕੋ ਫੁਟਬਾਲ ਦੇ ਇਸ ਮਹਾਕੁੰਭ ਦੀ 16 ਵੱਖ-ਵੱਖ ਸ਼ਹਿਰਾਂ ਵਿੱਚ ਮੇਜ਼ਬਾਨੀ ਕਰ ਰਹੇ ਹਨ। ਪਹਿਲੀ ਵਾਰ ਆਲਮੀ ਕੱਪ ਵਿੱਚ 48 ਟੀਮਾਂ ਹਿੱਸਾ ਲੈ ਰਹੀਆਂ ਹਨ। ਐਤਕੀਂ ਜੌਰਡਨ, ਉਜ਼ਬੇਕਿਸਤਾਨ, ਕੁਰਾਸਾਓ ਤੇ ਕੇਪ ਵਰਡੀ ਦੀਆਂ ਟੀਮਾਂ ਪਹਿਲੀ ਵਾਰ ਆਲਮੀ ਕੱਪ ਵਿੱਚ ਖੇਡਦੀਆਂ ਨਜ਼ਰ ਆਉਣਗੀਆਂ। ਚਾਰ ਵਾਰ ਦੀ ਚੈਂਪੀਅਨ ਇਟਲੀ ਦੀ ਟੀਮ ਕੁਆਲੀਫਾਈ ਹੀ ਨਹੀਂ ਕਰ ਸਕੀ। ਇਨ੍ਹਾਂ 48 ਟੀਮਾਂ ਨੂੰ 12 ਗਰੁੱਪਾਂ ਵਿੱਚ ਵੰਡਿਆ ਗਿਆ ਹੈ ਤੇ ਹਰੇਕ ਗਰੁੱਪ ਵਿੱਚ ਚਾਰ ਟੀਮਾਂ ਸ਼ਾਮਲ ਹਨ। ਉਦਘਾਟਨੀ ਸਮਾਗਮ ਵਿੱਚ ਸ਼ਕੀਰਾ ਤੇ ਭਾਰਤ ਦੀ ਨੋਰਾ ਫਤੇਹੀ ਨੇ ਪੇਸ਼ਕਾਰੀ ਦਿੱਤੀ। ਮੈਕਸਿਕੋ ਇਤਿਹਾਸ ਵਿੱਚ ਤੀਜੀ ਵਾਰ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਪਹਿਲਾਂ 1970 ਅਤੇ 1986 ਵਿੱਚ ਇਹ ਟੂਰਨਾਮੈਂਟ ਕਰਵਾਇਆ ਸੀ। ਫੀਫਾ ਆਲਮੀ ਕੱਪ ਦੇ ਮੈਚ ਭਾਰਤ ਵਿੱਚ ਜ਼ੀ5 ਐਪ ਤੇ ਵੈਬਸਾਈਟ ਅਤੇ ਯੂਨਾਈਟ8 ਸਪੋਰਟਸ ਨੈੱਟਵਰਕ ’ਤੇ ਦੇਖੇ ਜਾ ਸਕਦੇ ਹਨ। ਡੀ ਡੀ ਸਪੋਰਟਸ ਵੀ ਕੁਝ ਚੋਣਵੇਂ ਮੈਚ ਪ੍ਰਸਾਰਤ ਕਰੇਗਾ। ਗਰੁੱਪ ਗੇੜ ਦੇ ਮੈਚ 12 ਤੋਂ 28 ਜੂਨ ਦਰਮਿਆਨ ਖੇਡੇ ਜਾਣਗੇ। ਰਾਊਂਡ 32 ਦੇ ਮੁਕਾਬਲੇ 29 ਜੂਨ ਤੋਂ 4 ਜੁਲਾਈ ਤੱਕ ਹੋਣਗੇ। ਕੁਆਰਟਰ ਫਾਈਨਲ ਗੇੜ 10 ਤੋਂ 12 ਜੁਲਾਈ ਤੱਕ ਚੱਲੇਗਾ। ਸੈਮੀ ਫਾਈਨਲ 15 ਤੇ 16 ਜੁਲਾਈ ਨੂੰ ਅਤੇ ਤੀਜੀ ਥਾਂ ਲਈ ਮੈਚ 19 ਜੁਲਾਈ ਨੂੰ ਖੇਡਿਆ ਜਾਵੇਗਾ। ਖਿਤਾਬੀ ਮੁਕਾਬਲਾ 20 ਜੁਲਾਈ ਨੂੰ ਖੇਡਿਆ ਜਾਣਾ ਹੈ। ਆਲਮੀ ਕੱਪ ਦੌਰਾਨ ਮੌਜੂਦਾ ਚੈਂਪੀਅਨ ਅਰਜਨਟੀਨਾ, ਫਰਾਂਸ, ਇੰਗਲੈਂਡ, ਬ੍ਰਾਜ਼ੀਲ, ਸਪੇਨ, ਪੁਰਤਗਾਲ ਸਣੇ ਹੋਰ ਕਈ ਟੀਮਾਂ ’ਤੇ ਨਜ਼ਰ ਰਹੇਗੀ।

Share: