ਤਰਨ ਤਾਰਨ : ਇਲਾਕੇ ਦੇ ਪਿੰਡ ਦੁਗਲਵਾਲਾ ਦੇ ਇੱਕ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਮਟਰਾਂ ਦੀ ਸਬਜ਼ੀ ਖਾਣ ਨਾਲ ਇੱਕ ਜਣੇ ਦੀ ਮੌਤ ਹੋ ਗਈ ਅਤੇ ਪਰਿਵਾਰ ਦੇ ਚਾਰ ਜੀਅ ਬਿਮਾਰ ਹੋ ਗਏ। ਪਰਿਵਾਰ ਦੇ ਮੁਖੀ ਦਿਲਬਾਗ ਸਿੰਘ ਨੇ ਦੱਸਿਆ ਕਿ ਤਰਨ ਤਰਨ ਦੀ ਇਕ ਦੁਕਾਨ ਤੋਂ ਮਟਰਾਂ ਦਾ ਬੰਦ ਪੈਕੇਟ ਖ਼ਰੀਦਿਆ ਸੀ। ਮੰਗਲਵਾਰ ਨੂੰ ਪਰਿਵਾਰ ਨੇ ਮਟਰਾਂ ਦੀ ਸਬਜ਼ੀ ਬਣਾ ਕੇ ਰਾਤ ਵੇਲੇ ਖਾਧੀ ਸੀ ਤੇ ਸਬਜ਼ੀ ਖਾਣ ਨਾਲ ਉਨ੍ਹਾਂ ਦੇ ਕਾਮੇ ਜਗਤਾਰ ਸਿੰਘ ਜੱਗੀ ਦੀ ਮੌਤ ਹੋ ਗਈ ਜਦਕਿ ਦਿਲਬਾਗ ਸਿੰਘ ਖ਼ੁਦ ਤੇ ਉਸ ਦੀ ਪਤਨੀ ਅਤੇ ਦੋ ਨੂੰਹਾਂ ਬਿਮਾਰ ਹੋ ਗਈਆਂ। ਉਨ੍ਹਾਂ ਨੂੰ ਤਰਨ ਤਰਨ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਦਿਲਬਾਗ ਸਿੰਘ ਨੇ ਦੱਸਿਆ ਕਿ ਉਸ ਨੇ ਪੈਕੇਟ ਬੰਦ ਮਟਰ ਦੁਕਾਨ ਤੋਂ ਖ਼ਰੀਦੇ ਸਨ ਅਤੇ ਇਨ੍ਹਾਂ ਦੀ ਸਬਜ਼ੀ ਘਰ ਵਿੱਚ ਬਣਾ ਕੇ ਸਾਂਝੇ ਤੌਰ ’ਤੇ ਖਾਧੀ ਸੀ। ਉਨ੍ਹਾਂ ਦੇ ਕਾਮੇ ਜਗਤਾਰ ਸਿੰਘ ਜੱਗੀ ਨੇ ਖਾਣਾ ਖਾਣ ਤੋਂ ਕੁਝ ਦੇਰ ਬਾਅਦ ਢਿੱਡ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਜਿਹੜੀ ਘਾਤਕ ਬਣ ਗਈ। ਇਸੇ ਦੌਰਾਨ ਜਗਤਾਰ ਸਿੰਘ ਦੀ ਪਤਨੀ ਅਤੇ ਉਸ ਦੀਆਂ ਦੋ ਨੂੰਹਾਂ ਨੇ ਵੀ ਇਹ ਸ਼ਿਕਾਇਤ ਕੀਤੀ। ਪਰਿਵਾਰ ਦੇ ਬਾਕੀ ਜੀਆਂ ਨੂੰ ਤਰਨ ਤਰਨ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
Posted inTarn Taran
