Indian Railways ਦੇਸ਼ ਭਰ ਦੇ ਸਟੇਸ਼ਨਾਂ ’ਤੇ ਕਰੇਗਾ ਫਾਇਰ ਸੇਫਟੀ ਆਡਿਟ

Indian Railways ਦੇਸ਼ ਭਰ ਦੇ ਸਟੇਸ਼ਨਾਂ ’ਤੇ ਕਰੇਗਾ ਫਾਇਰ ਸੇਫਟੀ ਆਡਿਟ

ਨਵੀਂ ਦਿੱਲੀ : ਰੇਲ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਰੇਲਵੇ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਲਈ ਭਾਰਤੀ ਰੇਲਵੇ ਨੇ ਦੇਸ਼ ਭਰ ਦੇ ਸਟੇਸ਼ਨਾਂ ’ਤੇ ਵਿਆਪਕ ‘ਫਾਇਰ ਸੇਫਟੀ ਆਡਿਟ’ (ਅੱਗ ਸੁਰੱਖਿਆ ਨਿਰੀਖਣ) ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਤਹਿਤ ਸਟੇਸ਼ਨਾਂ ’ਤੇ ਮੌਜੂਦ ਅੱਗ ਬੁਝਾਊ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਵੇਗਾ ਅਤੇ ਜਿੱਥੇ ਵੀ ਕੋਈ ਕਮੀ ਪਾਈ ਗਈ, ਉਸ ਨੂੰ ਤੁਰੰਤ ਦੂਰ ਕੀਤਾ ਜਾਵੇਗਾ ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਜਾਂ ਅੱਗ ਲੱਗਣ ਦੀ ਘਟਨਾ ਦਾ ਮੁਸਤੈਦੀ ਨਾਲ ਸਾਹਮਣਾ ਕੀਤਾ ਜਾ ਸਕੇ।

ਇਸ ਵਿਸ਼ੇਸ਼ ਆਡਿਟ ਦੌਰਾਨ ਸਟੇਸ਼ਨਾਂ ਦੀਆਂ ਇਮਾਰਤਾਂ, ਬਿਜਲੀ ਦੀਆਂ ਵਾਇਰਿੰਗਾਂ, ਏਅਰ-ਕੰਡੀਸ਼ਨਿੰਗ ਤੇ ਵੈਂਟੀਲੇਸ਼ਨ ਸਿਸਟਮ, ਐਮਰਜੈਂਸੀ ਨਿਕਾਸ (ਐਗਜ਼ਿਟ ਗੇਟ), ਅੱਗ ਬੁਝਾਊ ਯੰਤਰ, ਪਾਣੀ ਦੀ ਉਪਲਬਧਤਾ ਅਤੇ ਸਪ੍ਰਿੰਕਲਰ ਸਿਸਟਮ ਵਰਗੇ ਸਾਰੇ ਨਾਜ਼ੁਕ ਬਿੰਦੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਇਸ ਕੰਮ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾਈਆਂ ਗਈਆਂ ਹਨ, ਜੋ ਲੋੜ ਪੈਣ ’ਤੇ ਰਾਜਾਂ ਦੇ ਫਾਇਰ ਬ੍ਰਿਗੇਡ ਵਿਭਾਗਾਂ ਅਤੇ ਮਾਹਰ ਏਜੰਸੀਆਂ ਦੀ ਮਦਦ ਵੀ ਲੈਣਗੀਆਂ।

ਲੁਧਿਆਣਾ ਘਟਨਾ ਤੋਂ ਬਾਅਦ ਲਿਆ ਗਿਆ ਸਖ਼ਤ ਫੈਸਲਾ

ਹਾਲ ਹੀ ਵਿੱਚ ਬੀਤੀ 6 ਜੂਨ ਨੂੰ ਲੁਧਿਆਣਾ ਨੇੜੇ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਸਪੈਸ਼ਲ ਟ੍ਰੇਨ ਦੇ ਇੱਕ ਸਲੀਪਰ ਕੋਚ ਵਿੱਚ ਤਰੇੜ ਆਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਰੇਲਵੇ ਨੇ ਤੁਰੰਤ ਕਾਰਵਾਈ ਕਰਦਿਆਂ ਸਥਿਤੀ ਨੂੰ ਸੰਭਾਲ ਲਿਆ ਸੀ, ਪਰ ਹੁਣ ਇਸ ਤੋਂ ਸਬਕ ਲੈਂਦਿਆਂ ਰੇਲਵੇ ਮੰਤਰਾਲੇ ਨੇ ਸਾਰੇ ਆਈ.ਸੀ.ਐਫ. (ICF) ਕੋਚਾਂ ਦੀ ਸੁਰੱਖਿਆ ਜਾਂਚ ਦੇ ਹੁਕਮ ਦਿੱਤੇ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਆਉਣ ਵਾਲੇ ਇੱਕ ਹਫ਼ਤੇ ਦੇ ਅੰਦਰ ਸਾਰੇ ਰੇਲ ਡੱਬਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਡੱਬਿਆਂ ਨੂੰ ਜ਼ਿਆਦਾ ਜੰਗਾਲ ਲੱਗ ਚੁੱਕਾ ਹੈ, ਉਨ੍ਹਾਂ ਨੂੰ ਤੁਰੰਤ ਸੇਵਾ ਤੋਂ ਬਾਹਰ ਕਰ ਦਿੱਤਾ ਜਾਵੇਗਾ। ਰੇਲਵੇ ਵੱਲੋਂ ਰੇਲ ਡੱਬਿਆਂ ਦੇ ਨਾਜ਼ੁਕ ਹਿੱਸਿਆਂ ਦੀ ਅੰਦਰੂਨੀ ਜਾਂਚ ਲਈ ਹੁਣ ਇੰਡੋਸਕੋਪੀ ਕੈਮਰੇ, ਅਲਟਰਾਸੋਨਿਕ ਥਿਕਨੈਸ ਗੇਜ (ਮੋਟਾਈ ਨਾਪਣ ਵਾਲੇ ਯੰਤਰ) ਅਤੇ ਹੋਰ ਆਧੁਨਿਕ ਟੂਲਸ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਰੇਲ ਗੱਡੀਆਂ ਦੀ ਸਮੇਂ-ਸਮੇਂ ’ਤੇ ਮੁਰੰਮਤ (ਓਵਰਹਾਲਿੰਗ) ਕਰਨ ਵਾਲੀਆਂ ਸਾਰੀਆਂ ਵਰਕਸ਼ਾਪਾਂ ਦਾ ਵੀ ਅਗਲੇ ਇੱਕ ਮਹੀਨੇ ਦੇ ਅੰਦਰ ਆਡਿਟ ਕੀਤਾ ਜਾਵੇਗਾ। ਵਿਭਾਗ ਵੱਲੋਂ ਸਟੈਂਡਰਡ ਓਪਰੇਟਿੰਗ ਪ੍ਰੋਟੋਕੋਲ (SOP) ਨੂੰ ਵੀ ਸੌਖਾ ਬਣਾਇਆ ਜਾ ਰਿਹਾ ਹੈ ਤਾਂ ਜੋ ਜ਼ਿਆਦਾ ਖ਼ਰਾਬ ਹੋ ਚੁੱਕੇ ਜਾਂ ਮਹਿੰਗੀ ਮੁਰੰਮਤ ਮੰਗਣ ਵਾਲੇ ਕੋਚਾਂ ਨੂੰ ਬਿਨਾਂ ਦੇਰੀ ਸਕ੍ਰੈਪ (ਕੰਡਮ) ਘੋਸ਼ਿਤ ਕਰਕੇ ਰੇਲ ਨੈੱਟਵਰਕ ਤੋਂ ਬਾਹਰ ਕੀਤਾ ਜਾ ਸਕੇ।

Share: