FIFA World Cup 2026 ਲਈ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ CBSA ਵੱਲੋਂ ਮਹੱਤਵਪੂਰਨ ਹਦਾਇਤਾਂ ਜਾਰੀ

FIFA World Cup 2026 ਲਈ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ CBSA ਵੱਲੋਂ ਮਹੱਤਵਪੂਰਨ ਹਦਾਇਤਾਂ ਜਾਰੀ

ਵਿਨੀਪੈੱਗ : ਕੈਨੇਡਾ ਮੈਕਸੀਕੋ ਅਤੇ ਅਮਰੀਕਾ ਦੇ ਨਾਲ FIFA World Cup 2026 ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। 11 ਜੂਨ ਤੋਂ 19 ਜੁਲਾਈ, 2026 ਤੱਕ, ਫੀਫਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ, ਜਿਸ ਵਿੱਚ 16 ਸ਼ਹਿਰਾਂ ਵਿੱਚ 104 ਮੈਚਾਂ ਲਈ 48 ਦੇਸ਼ ਇਕੱਠੇ ਹੋਣਗੇ। ਕੈਨੇਡਾ ਟੋਰਾਂਟੋ ਅਤੇ ਵੈਨਕੂਵਰ ਵਿੱਚ 13 ਮੈਚਾਂ ਦੀ ਮੇਜ਼ਬਾਨੀ ਕਰੇਗਾ। ਫੁੱਟਬਾਲ ਕੈਨੇਡਾ ਦੀ ਸਭ ਤੋਂ ਵੱਡੀ ਹਰਮਨ ਪਿਆਰੀ ਖੇਡ ਹੈ ਅਤੇ ਇਸ ਨੂੰ ਦੇਸ਼ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਖੇਡ ਮੰਨਿਆ ਜਾਂਦਾ ਹੈ, ਜੋ ਸਥਾਨਕ ਖੇਤਰਾਂ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਹਰ ਉਮਰ ਅਤੇ ਪਿਛੋਕੜ ਦੇ ਲੋਕਾਂ ਨੂੰ ਜੋੜਦਾ ਹੈ। ਇਸ ਦੌਰਾਨ ਕੈਨੇਡਾ ਵਿਚ ਇਸ ਟੂਰਨਾਮੈਂਟ ਦਾ ਲੁਤਫ਼ ਮਾਨਣ ਵਾਲਿਆਂ ਵਾਸਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਫੀਫਾ ਵਰਲਡ ਕੱਪ 2026 ਦੌਰਾਨ ਕੈਨੇਡਾ ਆਉਣ ਵਾਲੇ ਪ੍ਰਸੰਸਕਾਂ, ਟੀਮਾਂ, ਅਧਿਕਾਰੀਆਂ ਅਤੇ ਮੀਡੀਆ ਕਰਮਚਾਰੀਆਂ ਨੂੰ ਯਾਤਰਾ ਤੋਂ ਪਹਿਲਾਂ ਪੂਰੀ ਤਿਆਰੀ ਕਰਨ ਦੀ ਅਪੀਲ ਕੀਤੀ ਹੈ। CBSA ਨੇ ਸਪਸ਼ਟ ਕੀਤਾ ਹੈ ਕਿ ਫੀਫਾ ਵਰਲਡ ਕੱਪ ਦੀ ਟਿਕਟ ਕੈਨੇਡਾ ਵਿੱਚ ਦਾਖ਼ਲੇ ਦੀ ਗਾਰੰਟੀ ਨਹੀਂ ਹੈ। ਯਾਤਰੀਆਂ ਨੂੰ ਆਪਣੇ ਦੇਸ਼ ਅਨੁਸਾਰ ਵੀਜ਼ਾ ਜਾਂ ਹੋਰ ਦਾਖ਼ਲਾ ਸ਼ਰਤਾਂ ਪਹਿਲਾਂ ਹੀ ਜਾਂਚ ਲੈਣੀਆਂ ਚਾਹੀਦੀਆਂ ਹਨ। ਫੀਫਾ ਵਰਲਡ ਕੱਪ ਲਈ ਕੋਈ ਵਿਸ਼ੇਸ਼ “ਫੀਫਾ ਵੀਜ਼ਾ” ਉਪਲਬਧ ਨਹੀਂ ਹੈ। ਏਜੰਸੀ ਨੇ ਕਿਹਾ ਹੈ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਕੋਲ ਵੈਧ ਯਾਤਰਾ ਦਸਤਾਵੇਜ਼ ਹੋਣੇ ਲਾਜ਼ਮੀ ਹਨ। ਪਾਸਪੋਰਟ ਵਿਦੇਸ਼ ਯਾਤਰਾ ਲਈ ਸਭ ਤੋਂ ਭਰੋਸੇਯੋਗ ਅਤੇ ਸਰਵ-ਸਵੀਕਾਰ ਦਸਤਾਵੇਜ਼ ਮੰਨਿਆ ਜਾਂਦਾ ਹੈ। ਹਵਾਈ ਰਾਹੀਂ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਐਡਵਾਂਸ ਡਿਕਲੇਰੇਸ਼ਨ ਸੇਵਾ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ, ਜਿਸ ਰਾਹੀਂ ਉਹ ਆਪਣੀ ਕਸਟਮ ਅਤੇ ਇਮੀਗ੍ਰੇਸ਼ਨ ਜਾਣਕਾਰੀ ਆਗਮਨ ਤੋਂ 72 ਘੰਟੇ ਪਹਿਲਾਂ ਜਮ੍ਹਾਂ ਕਰ ਸਕਦੇ ਹਨ। ਇਸ ਨਾਲ ਹਵਾਈ ਅੱਡਿਆਂ ’ਤੇ ਕਾਰਵਾਈ ਤੇਜ਼ੀ ਨਾਲ ਹੋ ਸਕੇਗੀ। ਸੜਕ ਰਾਹੀਂ ਕੈਨੇਡਾ ਆਉਣ ਵਾਲਿਆਂ ਨੂੰ ਸਰਹੱਦੀ ਉਡੀਕ ਸਮੇਂ (Border Wait Times) ਦੀ ਜਾਂਚ ਕਰਕੇ ਆਪਣਾ ਰੂਟ ਤੈਅ ਕਰਨ ਦੀ ਸਲਾਹ ਦਿੱਤੀ ਗਈ ਹੈ। CBSA ਮੁਤਾਬਕ ਮੈਚਾਂ ਵਾਲੇ ਦਿਨਾਂ ਵਿੱਚ ਸਰਹੱਦਾਂ ’ਤੇ ਭਾਰੀ ਭੀੜ ਹੋ ਸਕਦੀ ਹੈ। ਸਵੇਰੇ ਜਲਦੀ ਯਾਤਰਾ ਕਰਨਾ, ਸਰਹੱਦੀ ਦਫ਼ਤਰਾਂ ਦੇ ਕੰਮਕਾਜੀ ਸਮੇਂ ਦੀ ਪਹਿਲਾਂ ਜਾਣਕਾਰੀ ਲੈਣਾ ਲਾਭਦਾਇਕ ਰਹੇਗਾ।ਕਿਸ਼ਤੀ ਜਾਂ ਹੋਰ ਨਿੱਜੀ ਜਲ ਯਾਨ ਰਾਹੀਂ ਕੈਨੇਡਾ ਪਹੁੰਚਣ ਵਾਲੇ ਸਾਰੇ ਯਾਤਰੀਆਂ ਲਈ CBSA ਨੂੰ ਤੁਰੰਤ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ 30 ਮਈ 2026 ਰਾਤ 11:59 ਵਜੇ (ਈਸਟਰਨ ਟਾਈਮ) ਤੋਂ 29 ਅਗਸਤ 2026 ਤੱਕ ਕੈਨੇਡਾ ਸਰਕਾਰ ਵੱਲੋਂ ਇੱਕ ਅਸਥਾਈ ਸਿਹਤ ਨੀਤੀ ਲਾਗੂ ਰਹੇਗੀ। ਇਸ ਅਨੁਸਾਰ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ, ਇੰਡਿਅਨ ਐਕਟ ਅਧੀਨ ਰਜਿਸਟਰਡ ਵਿਅਕਤੀਆਂ ਅਤੇ ਉਹ ਵਿਦੇਸ਼ੀ ਨਾਗਰਿਕ ਜੋ ਪਿਛਲੇ 21 ਦਿਨਾਂ ਵਿੱਚ ਡੈਮੋਕਰੈਟਿਕ ਰਿਪਬਲਿਕ ਆਫ਼ ਕਾਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਵਿੱਚ ਰਹੇ ਹੋਣ, ਉਨ੍ਹਾਂ ਦੀ ਕੈਨੇਡਾ ਆਗਮਨ ‘ਤੇ ਵਿਸ਼ੇਸ਼ ਸਿਹਤ ਜਾਂਚ ਕੀਤੀ ਜਾਵੇਗੀ।ਸਿਹਤ ਅਧਿਕਾਰੀਆਂ ਵੱਲੋਂ ਮੁਲਾਂਕਣ ਦੇ ਆਧਾਰ ‘ਤੇ ਜ਼ਰੂਰੀ ਜਨਤਕ ਸਿਹਤ ਉਪਾਅ ਲਾਗੂ ਕੀਤੇ ਜਾਣਗੇ।

ਜੇ ਕਿਸੇ ਯਾਤਰੀ ਵਿੱਚ ਇਬੋਲਾ ਦੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ 21 ਦਿਨਾਂ ਲਈ ਕੁਆਰਨਟੀਨ ਵਿੱਚ ਰਹਿਣਾ ਲਾਜ਼ਮੀ ਹੋਵੇਗਾ।ਯਾਤਰੀਆਂ ਨੂੰ ਸਿੱਧਾ ਨਿਰਧਾਰਿਤ ਕੁਆਰਨਟੀਨ ਸਥਾਨ ’ਤੇ ਜਾਣਾ ਹੋਵੇਗਾ ਅਤੇ ਅਧਿਕਾਰੀਆਂ ਦੇ ਸਾਰੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਅਧੀਨ ਨਿਯਮਾਂ ਦੀ ਉਲੰਘਣਾ ਨੂੰ ਗੰਭੀਰ ਅਪਰਾਧ ਮੰਨਿਆ ਜਾਵੇਗਾ, ਜਿਸ ਲਈ ਵੱਧ ਤੋਂ ਵੱਧ 10 ਲੱਖ ਡਾਲਰ ਜੁਰਮਾਨਾ, 3 ਸਾਲ ਤੱਕ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। CBSA ਨੇ ਯਾਤਰੀਆਂ ਨੂੰ ਇਹ ਵੀ ਕਿਹਾ ਦਿਵਾਇਆ ਹੈ ਕਿ ਉਹ ਆਪਣੇ ਨਾਲ ਲਿਆਂਦੇ ਹਰ ਸਮਾਨ ਦੀ ਸਹੀ ਘੋਸ਼ਣਾ ਕਰਨ। 10,000 ਕੈਨੇਡੀਅਨ ਡਾਲਰ ਜਾਂ ਇਸ ਤੋਂ ਵੱਧ ਰਕਮ ਨਾਲ ਯਾਤਰਾ ਕਰਨ ਵਾਲਿਆਂ ਲਈ ਇਸ ਦੀ ਘੋਸ਼ਣਾ ਕਰਨਾ ਲਾਜ਼ਮੀ ਹੈ। ਇਸ ਤੋਂ ਇਲਾਵਾ ਕੁਝ ਮਾਸ, ਡੇਅਰੀ ਉਤਪਾਦ, ਫਲ਼ ਅਤੇ ਸਬਜ਼ੀਆਂ ਕੈਨੇਡਾ ਵਿੱਚ ਲਿਆਂਦੇ ਜਾਣ ’ਤੇ ਪਾਬੰਦੀ ਹੋ ਸਕਦੀ ਹੈ।
Share: