ਵਿਨੀਪੈਗ : ਕੈਨੇਡਾ ਦੇ ਓਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਦੀ 17 ਸਾਲਾ ਪੰਜਾਬੀ ਮੂਲ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਆਪਣੀ ਵਿਲੱਖਣ ਖੋਜ ਨਾਲ ਕੌਮੀ ਪੱਧਰ ’ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਗੁਰਨੂਰ ਨੂੰ ਐਡਮਿੰਟਨ ਵਿੱਚ ਹੋਏ ‘ਕੈਨੇਡਾ-ਵਿਆਪੀ ਸਾਇੰਸ ਫੇਅਰ’ (Canada-Wide Science Fair) ਵਿੱਚ ‘ਬੈੱਸਟ ਪ੍ਰੋਜੈਕਟ ਫ਼ਾਰ ਇਨੋਵੇਸ਼ਨ’ (Best Project for Innovation) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕੈਮਰਨ ਹਾਈਟਸ ਕਾਲਜੀਏਟ ਇੰਸਟੀਚਿਊਟ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ ਦਾ ਇਹ ਪ੍ਰੋਜੈਕਟ ਸਿਹਤ ਖੇਤਰ ਵਿੱਚ ਇੱਕ ਅਹਿਮ ਸਮੱਸਿਆ ਦੇ ਹੱਲ ਨਾਲ ਜੁੜਿਆ ਹੋਇਆ ਹੈ।
ਗੁਰਨੂਰ ਦੀ ਖੋਜ ਦਾ ਮੁੱਖ ਕੇਂਦਰ ਪਲਸ ਆਕਸੀਮੀਟਰਾਂ ਵਿੱਚ ਮੌਜੂਦ ਉਸ ਤਕਨੀਕੀ ਕਮੀ ਨੂੰ ਦੂਰ ਕਰਨਾ ਹੈ, ਜਿਸ ਕਾਰਨ ਗੂੜ੍ਹੇ ਜਾਂ ਸਾਂਵਲੇ ਰੰਗ ਦੀ ਚਮੜੀ ਵਾਲੇ ਲੋਕਾਂ ਵਿੱਚ ਖ਼ੂਨ ਦੇ ਆਕਸੀਜਨ ਪੱਧਰ ਦੀ ਮਾਪ ਸਹੀ ਨਹੀਂ ਆਉਂਦੀ ਸੀ। ਵਿਗਿਆਨੀਆਂ ਅਤੇ ਮੇਲੇ ਦੇ ਜੱਜਾਂ ਮੁਤਾਬਕ ਖ਼ੂਨ ਵਿੱਚ ਆਕਸੀਜਨ ਦੀ ਮਾਤਰਾ ਮਾਪਣ ਵਾਲੇ ਸੈਂਸਰ ਨਾਲ ਜੁੜੀ ਇਹ ਸਮੱਸਿਆ ਪਿਛਲੇ ਸਾਢੇ ਤਿੰਨ ਦਹਾਕਿਆਂ (35 ਸਾਲਾਂ) ਤੋਂ ਮੌਜੂਦ ਸੀ, ਜਿਸ ਨਾਲ ਮਰੀਜ਼ਾਂ ਦੇ ਇਲਾਜ ਅਤੇ ਨਤੀਜਿਆਂ ’ਤੇ ਮਾਰੂ ਅਸਰ ਪੈਂਦਾ ਆ ਰਿਹਾ ਸੀ। ਗੁਰਨੂਰ ਦੀ ਖੋਜ ਨੇ ਹੁਣ ਇਸ ਖ਼ਾਮੀ ਨੂੰ ਜੜ੍ਹੋਂ ਖ਼ਤਮ ਕਰਨ ਦਾ ਰਾਹ ਦਿਖਾਇਆ ਹੈ।
ਪਹਿਲਾਂ ਵੀ ਬਣਾਇਆ ਹੈ ਏਆਈ-ਅਧਾਰਿਤ ਸਿਸਟਮ
ਇਸ ਤੋਂ ਪਹਿਲਾਂ ਵੀ ਗੁਰਨੂਰ ਨੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਹੋਣ ਵਾਲੇ ਡਿਲੀਰੀਅਮ (Delirium – ਦਿਮਾਗੀ ਉਲਝਣ) ਦੀ ਪਛਾਣ ਕਰਨ ਲਈ ਇੱਕ ਏਆਈ-ਅਧਾਰਿਤ (AI-based) ਸਿਸਟਮ ਤਿਆਰ ਕੀਤਾ ਸੀ। ਇਹ ਸਿਸਟਮ ਕੈਮਰਿਆਂ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਿਨਾਂ ਕਿਸੇ ਸਰੀਰਕ ਸੰਪਰਕ ਦੇ ਮਰੀਜ਼ਾਂ ਦੀਆਂ ਭਾਵਨਾਵਾਂ, ਚਿਹਰੇ ਦੇ ਸੂਖਮ ਹਾਵ-ਭਾਵਾਂ, ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਦੀ ਨਿਗਰਾਨੀ ਕਰ ਸਕਦਾ ਹੈ। ਇਸ ਨਾਲ ਹਸਪਤਾਲਾਂ ਵਿੱਚ ਭਾਰੀ-ਭਰਕਮ ਸੈਂਸਰਾਂ ਦੀ ਲੋੜ ਘੱਟ ਜਾਂਦੀ ਹੈ। ਇਸ ਡਿਵਾਈਸ ਵਿੱਚ ਇੱਕ ਚੈਟਬੋਟ ਵੀ ਸ਼ਾਮਲ ਹੈ ਜੋ ਮਰੀਜ਼ਾਂ ਨੂੰ ਮਾਨਸਿਕ ਤੌਰ ‘ਤੇ ਸਚੇਤ ਰੱਖਦਾ ਹੈ, ਜਿਸ ਨਾਲ ਡਿਲੀਰੀਅਮ ਦਾ ਖ਼ਤਰਾ 50 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ।
ਗੁਰਨੂਰ ਨੇ ਦੱਸਿਆ ਕਿ ਪਲਸ ਆਕਸੀਮੀਟਰ ‘ਤੇ ਕੀਤੀ ਗਈ ਉਸ ਦੀ ਮੌਜੂਦਾ ਖੋਜ ਵੀ ਇਸੇ ਪ੍ਰੋਜੈਕਟ ਦਾ ਹਿੱਸਾ ਹੈ, ਕਿਉਂਕਿ ਉਸ ਨੇ ਮਰੀਜ਼ਾਂ ਦੀ ਸਰੀਰਕ ਨਿਗਰਾਨੀ ਵਾਲੀਆਂ ਪ੍ਰਣਾਲੀਆਂ ਵਿੱਚ ਚਮੜੀ ਦੇ ਰੰਗ ਦੇ ਆਧਾਰ ’ਤੇ ਹੁੰਦਾ ਪੱਖਪਾਤ ਦੇਖਿਆ ਸੀ, ਜਿੱਥੇ ਹਲਕੇ ਰੰਗ ਦੀ ਚਮੜੀ ਵਾਲਿਆਂ ਦੇ ਮੁਕਾਬਲੇ ਗੂੜ੍ਹੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਲਈ ਗ਼ਲਤੀ ਦੀ ਦਰ ਕਾਫ਼ੀ ਵੱਧ ਹੁੰਦੀ ਸੀ।
ਗੁਰਨੂਰ ਕੌਰ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਮੈਡੀਸਨ ਅਤੇ ਕੰਪਿਊਟੇਸ਼ਨਲ ਬਾਇਓਫਿਜ਼ਿਕਸ (Computational Biophysics) ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ। ਉਸ ਦਾ ਮੁੱਖ ਟੀਚਾ ਅਜਿਹੀਆਂ ਸਿਹਤ ਤਕਨੀਕਾਂ ਵਿਕਸਿਤ ਕਰਨਾ ਹੈ ਜੋ ਹਰ ਵਰਗ ਦੇ ਲੋਕਾਂ ਲਈ ਬਰਾਬਰ ਅਤੇ ਨਿਰਪੱਖ ਸਿਹਤ ਸੇਵਾਵਾਂ ਯਕੀਨੀ ਬਣਾ ਸਕਣ।ਕੈਨੇਡਾ ਦੇ ਇਸ ਸਭ ਤੋਂ ਵੱਡੇ ਯੁਵਾ ਵਿਗਿਆਨਕ ਮੁਕਾਬਲੇ ਵਿੱਚ ਇਹ ਵਕਾਰੀ ਸਨਮਾਨ ਜਿੱਤਣਾ ਜਿੱਥੇ ਗੁਰਨੂਰ ਦੀ ਵਿਗਿਆਨਕ ਯੋਗਤਾ ਦਾ ਪ੍ਰਮਾਣ ਹੈ, ਉੱਥੇ ਹੀ ਉਸ ਦੀ ਇਹ ਉਪਲਬਧੀ ਪੂਰੇ ਪੰਜਾਬੀ ਭਾਈਚਾਰੇ ਲਈ ਬਹੁਤ ਵੱਡੇ ਮਾਣ ਵਾਲੀ ਗੱਲ ਹੈ।

