ਚੰਡੀਗੜ੍ਹ : ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ਨਿੱਚਰਵਾਰ ਦਿਨ ਚੜ੍ਹਦਿਆਂ ਹੀ ਅਸਮਾਨ ਵਿੱਚ ਸੰਘਣੇ ਬੱਦਲ ਛਾ ਗਏ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਹਲਕੀ ਬੂੰਦਾ-ਬਾਂਦੀ ਸ਼ੁਰੂ ਹੋਣ ਕਾਰਨ ਮੌਸਮ ਨੇ ਅਚਾਨਕ ਕਰਵਟ ਲੈ ਲਈ ਹੈ। ਜਿਸ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਹਾਲਾਂਕਿ, ਸਵੇਰ ਦੇ ਸਮੇਂ ਆਪਣੇ ਕੰਮਾਂ-ਕਾਰਾਂ ‘ਤੇ ਨਿਕਲੇ ਲੋਕਾਂ ਨੂੰ ਤੇਜ਼ ਹਵਾਵਾਂ ਤੇ ਹਨੇਰੀ ਕਾਰਨ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਬਾਰਿਸ਼ ਨੇ ਮੌਸਮ ਨੂੰ ਕਾਫ਼ੀ ਸੁਹਾਵਣਾ ਬਣਾ ਦਿੱਤਾ ਹੈ। ਬੀਤੇ ਦਿਨ ਵੀ ਤਾਪਮਾਨ ਵਿੱਚ ਹਲਕੀ ਗਿਰਾਵਟ ਦਰਜ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਹੈ ਕਿ ਦੇਸ਼ ਵਿੱਚ ਜੂਨ ਤੋਂ ਸਤੰਬਰ ਦਰਮਿਆਨ ਔਸਤਨ 90 ਫ਼ੀਸਦੀ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ ਉੱਤਰ-ਪੂਰਬੀ ਭਾਰਤ ਵਿੱਚ ਆਮ ਵਾਂਗ ਮੀਂਹ ਪੈ ਸਕਦੇ ਹਨ। ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਸ਼ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੈ ਮੋਹਪਾਤਰਾ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਖੇਤਰਾਂ ਵਿੱਚ ਮੌਨਸੂਨ ਦੇ ਮੀਂਹ ਆਮ ਨਾਲੋਂ ਘੱਟ (ਲੰਮੇ ਸਮੇਂ ਦੀ ਔਸਤ ਦੇ ਆਧਾਰ ’ਤੇ 94 ਫ਼ੀਸਦੀ ਤੋਂ ਘੱਟ) ਰਹਿਣ ਦੀ ਸੰਭਾਵਨਾ ਹੈ। ਜੂਨ ਮਹੀਨੇ ਦੌਰਾਨ ਵੀ ਦੇਸ਼ ਭਰ ਵਿੱਚ ਮੀਂਹ ਆਮ ਨਾਲੋਂ ਘੱਟ (92 ਫ਼ੀਸਦੀ ਤੋਂ ਘੱਟ) ਰਹਿ ਸਕਦੇ ਹਨ। ਕੇਰਲਾ ਵਿੱਚ ਅਗਲੇ ਸੱਤ ਦਿਨਾਂ ਵਿੱਚ ਮੌਨਸੂਨ ਦਸਤਕ ਦੇ ਸਕਦਾ ਹੈ, ਜਿੱਥੇ ਆਮ ਤੌਰ ’ਤੇ ਇਹ ਪਹਿਲੀ ਜੂਨ ਨੂੰ ਪਹੁੰਚਦਾ ਹੈ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਕਿ ਪ੍ਰਸ਼ਾਂਤ ਮਹਾਸਾਗਰ ਵਿੱਚ ‘ਅਲ ਨੀਨੋ’ ਵਰਗੇ ਹਾਲਾਤ ਬਣ ਰਹੇ ਹਨ ਜਿਸ ਕਾਰਨ ਮੁਲਕ ਵਿੱਚ ਘੱਟ ਮੀਂਹ ਪੈ ਸਕਦੇ ਹਨ।ਜੂਨ ਮਹੀਨੇ ਵਿੱਚ ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ, ਉੜੀਸਾ, ਛੱਤੀਸਗੜ੍ਹ, ਗੁਜਰਾਤ ਅਤੇ ਆਂਧਰਾ ਪ੍ਰਦੇਸ਼ ਵਿੱਚ ਆਮ ਨਾਲੋਂ ਵੱਧ ਦਿਨਾਂ ਤੱਕ ਲੂ ਚੱਲਣ ਦੀ ਸੰਭਾਵਨਾ ਹੈ।

