ਅਮਰੀਕੀ ਅਦਾਲਤ ਵੱਲੋਂ Diljit Dosanjh, Jimmy Fallon ਤੇ ਹੋਰ ਤਲਬ

ਅਮਰੀਕੀ ਅਦਾਲਤ ਵੱਲੋਂ Diljit Dosanjh, Jimmy Fallon ਤੇ ਹੋਰ ਤਲਬ

ਪਟਿਆਲਾ: ਅਮਰੀਕਾ ਦੀ ਫੈਡਰਲ ਅਦਾਲਤ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ, ਅਮਰੀਕੀ ਟੈਲੀਵਿਜ਼ਨ ਮੇਜ਼ਬਾਨ ਜਿੰਮੀ ਫੈਲਨ, ਐੱਨ ਬੀ ਸੀ ਯੂਨੀਵਰਸਲ ਤੇ ਲਾਈਵ ਨੇਸ਼ਨ ਐਂਟਰਟੇਨਮੈਂਟ ਕੰਪਨੀਆਂ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤ ਵੱਲੋਂ ਦਾਇਰ ਸਿਵਲ ਮੁਕੱਦਮੇ ਤਹਿਤ ਸੰਮਨ ਜਾਰੀ ਕੀਤੇ ਹਨ। ਇਹ ਮੁਕੱਦਮਾ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਮਹਿੰਦਰ ਸਿੰਘ ਵੱਲੋਂ ਦਾਇਰ ਕੀਤਾ ਗਿਆ ਹੈ।

ਸਿੰਘ ਦਾ ਦਾਅਵਾ ਹੈ ਕਿ ਉਹ 1984 ਦੇ ਦੰਗਿਆਂ ਦੌਰਾਨ ਬਚ ਗਿਆ ਸੀ, ਪਰ ਉਸ ਦੇ ਪਿਤਾ ਦੀ ਦਿੱਲੀ ਵਿੱਚ ਮੌਤ ਹੋ ਗਈ ਸੀ। ਸਿੱਖਸ ਫਾਰ ਜਸਟਿਸ (ਐੱਸ ਐੱਫ ਜੇ) ਦੇ ਬਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੇਸ ਦੀ ਪੈਰਵੀ ਵਿੱਚ ਮੁਦਈ ਦੀ ਮਦਦ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕੀ ਸੰਘੀ ਅਦਾਲਤੀ ਪ੍ਰਕਿਰਿਆ ਤਹਿਤ ਬਚਾਅ ਪੱਖ ਨੂੰ ਸੰਮਨਾਂ ਦੀ ਰਸਮੀ ਤਾਮੀਲ ਤੋਂ ਬਾਅਦ 21 ਦਿਨਾ ਅੰਦਰ ਜਵਾਬ ਦੇਣਾ ਪੈਂਦਾ ਹੈ। ਸ਼ਿਕਾਇਤ ਮੁਤਾਬਕ ਦੋਸਾਂਝ ਨੇ ਟੈਲੀਵਿਜ਼ਨ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਵਿੱਚ ਬੌਲੀਵੁੱਡ ਅਦਾਕਾਰ Amitabh Bachchan ਦਾ ਜਨਤਕ ਤੌਰ ’ਤੇ ਸਨਮਾਨ ਕਰ ਕੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀਆਂ ਭਾਵਾਨਾਵਾਂ ਨੂੰ ਸੱਟ ਮਾਰੀ ਸੀ। ਮੁਕੱਦਮੇ ਵਿੱਚ ਦੋਸਾਂਝ ਵੱਲੋਂ ਸ਼ਰਧਾ ਤੇ ਸਨਮਾਨ ਵਜੋਂ ਬੱਚਨ ਦੇ ਪੈਰ ਛੂਹਣ ਦਾ ਵੀ ਹਵਾਲਾ ਦਿੱਤਾ ਗਿਆ ਹੈ।

ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਅਮਿਤਾਭ ਬੱਚਨ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ‘ਖ਼ੂਨ ਬਦਲੇ ਖ਼ੂਨ’ ਦਾ ਨਾਅਰਾ ਦਿੱਤਾ, ਜਿਸ ਨੇ ਨਵੰਬਰ 1984 ਵਿੱਚ ਸਿੱਖਾਂ ਖ਼ਿਲਾਫ਼ ਹਿੰਸਾ ਨੂੰ ਕਥਿਤ ਹਵਾ ਦਿੱਤੀ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਦੋਸਾਂਝ 1984 ਦੀ ਸਿੱਖ ਵਿਰੋਧੀ ਹਿੰਸਾ ਨਾਲ ਜੁੜੇ ਸਦਮੇ ਤੋਂ ਜਾਣੂ ਸੀ ਕਿਉਂਕਿ ਅਦਾਕਾਰ ਨੇ 2022 ਵਿੱਚ ‘ਜੋਗੀ’ ਨਾਂ ਦੀ ਫ਼ਿਲਮ ਕੀਤੀ ਸੀ, ਜਿਸ ਵਿੱਚ ਉਸ ਨੇ ਜਨਤਕ ਤੌਰ ’ਤੇ ਘਟਨਾਵਾਂ ਨੂੰ ‘ਨਸਲਕੁਸ਼ੀ’ ਦੱਸਿਆ ਸੀ।

ਮੁਕੱਦਮੇ ਵਿੱਚ ਫੈਲਨ ਅਤੇ ਐੱਨ ਬੀ ਸੀ ਨੂੰ ‘ਦਿ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫੈਲਨ’ ਰਾਹੀਂ ਦੋਸਾਂਝ ਨੂੰ ਕਥਿਤ ‘ਮੰਚ’ ਮੁਹੱਈਆ ਕਰਨ ਤੇ ਪ੍ਰਮੋਸ਼ਨ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ, ਜਦੋਂ ਕਿ ਲਾਈਵ ਨੇਸ਼ਨ ’ਤੇ ਸਿੱਖ ਕਾਰਕੁਨ ਸਮੂਹਾਂ ਵੱਲੋਂ ਉਠਾਏ ਗਏ ਇਤਰਾਜ਼ਾਂ ਦੇ ਬਾਵਜੂਦ ਦੋਸਾਂਝ ਦੇ ਅਮਰੀਕੀ ਕੰਸਰਟ ਟੂਰ ਨੂੰ ਵਪਾਰਕ ਤੌਰ ’ਤੇ ਪਰਮੋਟ ਕਰਨ ਦਾ ਦੋਸ਼ ਲਾਇਆ ਗਿਆ ਹੈ।

Share: