ਥਾਈਲੈਂਡ ਓਪਨ: PV Sindhu ਕੁਆਰਟਰ ਫਾਈਨਲ ’ਚ ਹਾਰ ਕੇ ਬਾਹਰ

ਥਾਈਲੈਂਡ ਓਪਨ: PV Sindhu ਕੁਆਰਟਰ ਫਾਈਨਲ ’ਚ ਹਾਰ ਕੇ ਬਾਹਰ

ਬੈਂਕਾਕ: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਅੱਜ ਜਪਾਨੀ ਖਿਡਾਰਨ ਅਕਾਨੇ ਯਾਮਾਗੁਚੀ ਤੋਂ ਹਾਰ ਕੇ ਥਾਈਲੈਂਡ ਓਪਨ ਸੁਪਰ 500 ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਸਿਖਰਲੀ ਦਰਜਾਬੰਦੀ ਵਾਲੀ ਯਾਮਾਗੁਚੀ ਨੇ ਸਿੰਧੂ ਨੂੰ 19-21, 21-18 ਅਤੇ 21-15 ਨਾਲ ਹਰਾਇਆ। ਇੱਕ ਘੰਟੇ ਤੋਂ ਵੱਧ ਸਮਾਂ ਚੱਲੇ ਇਸ ਸਖ਼ਤ ਮੁਕਾਬਲੇ ਵਿੱਚ ਸਿੰਧੂ ਨੇ ਪਹਿਲੀ ਗੇਮ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ, ਪਰ ਅਗਲੀਆਂ ਦੋ ਗੇਮਾਂ ’ਚ ਉਹ ਆਪਣੀ ਲੈਅ ਬਰਕਰਾਰ ਨਾ ਰੱਖ ਸਕੀ। ਪਹਿਲੀ ਗੇਮ ਵਿੱਚ ਦੋਵਾਂ ਖਿਡਾਰਨਾਂ ਵਿਚਾਲੇ ਸਖ਼ਤ ਟੱਕਰ ਦੇਖਣ ਨੂੰ ਮਿਲੀ। ਸਕੋਰ ਬਰਾਬਰ ਰਹਿਣ ਮਗਰੋਂ ਸਿੰਧੂ ਨੇ ਅੰਤਿਮ ਪਲਾਂ ਵਿੱਚ ਲਗਾਤਾਰ ਦੋ ਅੰਕ ਲੈ ਕੇ ਪਹਿਲਾ ਸੈੱਟ ਆਪਣੇ ਨਾਂ ਕੀਤਾ। ਦੂਜੀ ਗੇਮ ਵਿੱਚ ਵੀ ਸਿੰਧੂ 5-1 ਦੀ ਲੀਡ ਨਾਲ ਮਜ਼ਬੂਤ ਸਥਿਤੀ ਵਿੱਚ ਸੀ, ਪਰ ਯਾਮਾਗੁਚੀ ਨੇ ਲਗਾਤਾਰ ਸੱਤ ਅੰਕ ਲੈ ਕੇ ਵਾਪਸੀ ਕੀਤੀ ਅਤੇ ਮੁਕਾਬਲਾ ਬਰਾਬਰੀ ’ਤੇ ਲਿਆਂਦਾ। ਫ਼ੈਸਲਾਕੁਨ ਗੇਮ ਵਿੱਚ ਸਿੰਧੂ ਪਛੜਦੀ ਰਹੀ ਅਤੇ ਆਪਣੀਆਂ ਗ਼ਲਤੀਆਂ ਕਾਰਨ ਮੈਚ ਗੁਆ ਬੈਠੀ। ਮੈਚ ਖ਼ਤਮ ਹੋਣ ਮਗਰੋਂ ਸਿੰਧੂ ਨੇ ਮੰਨਿਆ ਕਿ ਛੋਟੀਆਂ ਗ਼ਲਤੀਆਂ ਉਸ ਉੱਤੇ ਭਾਰੀ ਪਈਆਂ ਹਨ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੇ ਕਿਹਾ ਕਿ ਦੂਜੇ ਸੈੱਟ ਵਿੱਚ ਲੀਡ ਹੋਣ ਦੇ ਬਾਵਜੂਦ ਕੁੱਝ ਗ਼ਲਤੀਆਂ ਕਾਰਨ ਉਸ ਨੇ ਵਿਰੋਧੀ ਖਿਡਾਰਨ ਨੂੰ ਮੌਕਾ ਦਿੱਤਾ।

Share: