ਸੰਸਾਰ ਦੇ ਸਭ ਤੋਂ ਅਹਿਮ ਸਮੁੰਦਰੀ ਮਾਰਗ ਹੋਰਮੁਜ਼ ਜਲਡਮਰੂ ਵਿੱਚ ਇਰਾਨ ਅਤੇ ਅਮਰੀਕਾ ਵਿਚਾਲੇ ਜੰਗਬੰਦੀ ਦੇ ਖ਼ਤਰੇ ਵਿੱਚ ਪੈਣ ਕਾਰਨ ਤਣਾਅ ਬੇਹੱਦ ਵਧ ਗਿਆ ਹੈ। ਅਮਰੀਕੀ ਫ਼ੌਜ ਨੇ ਸੋਮਵਾਰ ਨੂੰ ਇਸ ਰਸਤੇ ਰਾਹੀਂ ਫਸੇ ਹੋਏ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੌਰਾਨ ਖ਼ਬਰ ਹੈ ਕਿ ਇਰਾਨੀ ਡਰੋਨ ਵੱਲੋਂ ਸੰਯੁਕਤ ਅਰਬ ਅਮੀਰਾਤ (UAE) ਦੀ ਇਕ ਤੇਲ ਸਹੂਲਤ ‘ਤੇ ਕੀਤੇ ਗਏ ਹਮਲੇ ਵਿੱਚ ਤਿੰਨ ਭਾਰਤੀ ਨਾਗਰਿਕ ਜ਼ਖ਼ਮੀ ਹੋ ਗਏ ਹਨ।
ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਐਡਮਿਰਲ ਬ੍ਰੈਡ ਕੂਪਰ ਨੇ ਦੱਸਿਆ ਕਿ ਇਰਾਨ ਨੇ ਸੋਮਵਾਰ ਨੂੰ ਹਾਰਮੁਜ਼ ਦੇ ਇਲਾਕੇ ਵਿੱਚ ਹਮਲਾਵਰ ਰੁਖ਼ ਅਪਣਾਇਆ, ਜਿਸ ਤੋਂ ਬਾਅਦ ਅਮਰੀਕੀ ਹੈਲੀਕਾਪਟਰਾਂ ਨੇ ਇਰਾਨ ਦੀਆਂ ਛੇ ਛੋਟੀਆਂ ਕਿਸ਼ਤੀਆਂ ਨੂੰ ਡੋਬ ਦਿੱਤਾ ਜੋ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾ ਰਹੀਆਂ ਸਨ। ਕੂਪਰ ਅਨੁਸਾਰ ਇਰਾਨ ਨੇ ਕਈ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲੇ ਦੀ ਕੋਸ਼ਿਸ਼ ਕੀਤੀ ਸੀ, ਪਰ ਅਮਰੀਕੀ ਸੁਰੱਖਿਆ ਛੱਤਰੀ ਨੇ ਇਨ੍ਹਾਂ ਸਾਰੇ ਖ਼ਤਰਿਆਂ ਨੂੰ ਨਾਕਾਮ ਕਰ ਦਿੱਤਾ। ਦੂਜੇ ਪਾਸੇ, ਯੂ.ਏ.ਈ. ਦੇ ਫੁਜੈਰਾਹ ਵਿੱਚ ਇੱਕ ਤੇਲ ਪਾਈਪਲਾਈਨ ਕੇਂਦਰ ’ਤੇ ਹੋਏ ਡਰੋਨ ਹਮਲੇ ਕਾਰਨ ਭਾਰੀ ਅੱਗ ਲੱਗ ਗਈ। ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਘਟਨਾ ਵਿੱਚ ਤਿੰਨ ਭਾਰਤੀ ਨਾਗਰਿਕ ਦਰਮਿਆਨੇ ਰੂਪ ਵਿੱਚ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸੇ ਦੌਰਾਨ ਬ੍ਰਿਟਿਸ਼ ਫ਼ੌਜ ਨੇ ਵੀ ਯੂ.ਏ.ਈ. ਦੇ ਤੱਟ ਨੇੜੇ ਇੱਕ ਮਾਲਵਾਹਕ ਜਹਾਜ਼ ਨੂੰ ਅੱਗ ਲੱਗਣ ਦੀ ਰਿਪੋਰਟ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣੀ ਕੋਰੀਆ ਨੂੰ ਵੀ ਇਸ ਸੁਰੱਖਿਆ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਇਰਾਨ ਨੇ ਇੱਕ ਦੱਖਣੀ ਕੋਰੀਆਈ ਜਹਾਜ਼ ’ਤੇ ਵੀ ਨਿਸ਼ਾਨਾ ਸਾਧਿਆ ਸੀ। ਇਸ ਖਿੱਚੋਤਾਣ ਦੇ ਚਲਦਿਆਂ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ ਅਤੇ ਬ੍ਰੈਂਟ ਕਰੂਡ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਤੋਂ ਪਾਰ ਚਲੀ ਗਈ ਹੈ। ਸੰਯੁਕਤ ਰਾਸ਼ਟਰ ਨੇ ਖੇਤਰ ਵਿੱਚ ਵਧ ਰਹੀ ਫ਼ੌਜੀ ਸਰਗਰਮੀ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਬਹਾਲ ਰੱਖਣ ਦੀ ਅਪੀਲ ਕੀਤੀ ਹੈ।

