ਨਵੀਂ ਦਿੱਲੀ: ਰੈਪਰ ਯੋ ਯੋ ਹਨੀ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਦੁੱਧ, ਦਹੀਂ ਅਤੇ ਘਿਓ ਖਾਣ ਦੀ ਦਿਲੋਂ ਅਪੀਲ ਕੀਤੀ ਹੈ, ਜਿਨ੍ਹਾਂ ਉਤਪਾਦਾਂ ਲਈ ਪੰਜਾਬ ਜਾਣਿਆ ਜਾਂਦਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਜਿਨ੍ਹਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਮਦਦ ਲਈ ਗਾਇਕ ਨੂੰ ਆਪਣੇ ਨਾਲ ਜੋੜਿਆ ਹੈ, ਨਾਲ ਮੁਲਾਕਾਤ ਤੋਂ ਬਾਅਦ ਹਨੀ ਸਿੰਘ ਨੇ ਕਿਹਾ ਕਿ ਨਸ਼ਿਆਂ ਦੇ ਸੇਵਨ ਕਾਰਨ ਸੂਬਾ, ਇੱਥੋਂ ਦੇ ਪਰਿਵਾਰ ਅਤੇ ਨੌਜਵਾਨ ਬਰਬਾਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਇਸ ਜਾਨਲੇਵਾ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਭਾਜਪਾ ਅਤੇ ਤਰੁਣ ਚੁੱਘ ਨਾਲ ਮਿਲ ਕੇ ਕੰਮ ਕਰਨਗੇ।
ਦੋਵਾਂ ਵੱਲੋਂ ਜਾਰੀ ਬਿਆਨਾਂ ਵਿੱਚ ਚੁੱਘ ਅਤੇ ਹਨੀ ਸਿੰਘ ਨੇ ਸੂਬੇ ਦੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਗੁਰੂਆਂ, ਬਹਾਦਰੀ, ਮਜ਼ਬੂਤ ਸਰੀਰਾਂ ਅਤੇ ਸੁੰਦਰਤਾ ਦੀ ਧਰਤੀ ਹੈ ਅਤੇ ਇਹੀ ਉਹ ਪੰਜਾਬ ਹੈ ਜਿਸ ਨੂੰ ਹਰ ਕਿਸੇ ਨੂੰ ਮੁੜ ਸਥਾਪਿਤ ਕਰਨ ਦੀ ਲੋੜ ਹੈ। ਇੱਕ ਵੀਡੀਓ ਵਿੱਚ ਚੁੱਘ ਅਤੇ ਹਨੀ ਸਿੰਘ ਦੁੱਧ ਦਾ ਗਲਾਸ ਸਾਂਝਾ ਕਰਦੇ ਨਜ਼ਰ ਆ ਰਹੇ ਹਨ। ਤਰੁਣ ਚੁੱਘ ਨੇ ਅੱਜ ਕਿਹਾ ਕਿ ਜੇਕਰ ਹਨੀ ਸਿੰਘ ਨਸ਼ਿਆਂ ਦੇ ਕਾਲੇ ਦੌਰ ਤੋਂ ਬਾਹਰ ਆ ਸਕਦੇ ਹਨ, ਤਾਂ ਕੋਈ ਵੀ ਆ ਸਕਦਾ ਹੈ।
ਚੁੱਘ ਨੇ ਕਿਹਾ, “ਯੋ ਯੋ ਹਨੀ ਸਿੰਘ ਪੰਜਾਬ ਦਾ ਪੁੱਤਰ ਹੈ ਜਿਸ ਨੇ ਪੂਰੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਦੀ ਜ਼ਿੰਦਗੀ ਪ੍ਰੇਰਨਾਦਾਇਕ ਹੈ। ਉਹ ਕਿਵੇਂ ਬੁਲੰਦੀਆਂ ‘ਤੇ ਪਹੁੰਚੇ, ਫਿਰ ਬੁਰੀ ਸੰਗਤ ਵਿੱਚ ਪੈ ਗਏ ਅਤੇ ਫਿਰ ਦੁਬਾਰਾ ਉੱਭਰੇ। ਉਨ੍ਹਾਂ ਨੂੰ ਅੱਠ ਸਾਲ ਲੱਗੇ ਪਰ ਉਹ ਨਸ਼ਿਆਂ ਚੋਂ ਨਿੱਕਲ ਆਏ।” ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਨੇ ਹਨੀ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਛੱਡਣ ਅਤੇ ਉਨ੍ਹਾਂ ਦੇ ਨਿੱਜੀ ਅਨੁਭਵ ਤੋਂ ਸਿੱਖਣ ਵਿੱਚ ਮਦਦ ਕਰਨ।
ਤਰੁਣ ਚੁੱਘ ਨੇ ਕਿਹਾ, “ਦਰਿਆਵਾਂ ਦੀ ਧਰਤੀ ਵਿੱਚ ਹੁਣ ਨਸ਼ੇ ਵਹਿ ਰਹੇ ਹਨ ਅਤੇ ਸਾਡੇ ਸੂਬੇ ਦੀ ਜਵਾਨੀ ਨੂੰ ਖਾ ਰਹੇ ਹਨ। ਹਨੀ ਸਿੰਘ ਨੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਵਿੱਚ ਮੇਰੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਜੇਕਰ ਕੋਈ ਪੰਜਾਬ ਦੇ ਨੌਜਵਾਨਾਂ ਨੂੰ ਕਹਿੰਦਾ ਹੈ ਕਿ ਉਨ੍ਹਾਂ ਕੋਲ ਜਿਉਣ ਲਈ ਸਿਰਫ਼ ਛੇ ਮਹੀਨੇ ਹਨ, ਤਾਂ ਉਨ੍ਹਾਂ ‘ਤੇ ਵਿਸ਼ਵਾਸ ਨਾ ਕਰੋ। ਤੁਸੀਂ ਅਜੇ ਵੀ ਵਾਪਸ ਆ ਸਕਦੇ ਹੋ।” ਭਾਜਪਾ ਵੱਲੋਂ 2027 ਦੀਆਂ ਪੰਜਾਬ ਚੋਣਾਂ ਲਈ ਨਸ਼ਾ ਮੁਕਤ ਪੰਜਾਬ ਨੂੰ ਇੱਕ ਮੁੱਖ ਚੋਣ ਮੁੱਦਾ ਬਣਾਇਆ ਜਾ ਰਿਹਾ ਹੈ।
ਹਨੀ ਸਿੰਘ ਉਨ੍ਹਾਂ ਕੁਝ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਜਨਤਕ ਤੌਰ ‘ਤੇ ਆਪਣੀ ਨਸ਼ੇ ਦੀ ਲਤ ਨੂੰ ਸਵੀਕਾਰ ਕੀਤਾ ਹੈ ਅਤੇ ਮੁੜ ਬਹਾਲੀ (ਰਿਕਵਰੀ) ਦੇ ਆਪਣੇ ਸਫ਼ਰ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ 2014 ਵਿੱਚ ਨਸ਼ੇ ਛੱਡ ਦਿੱਤੇ ਸਨ ਜਦੋਂ ਇਸ ਨੇ ਉਨ੍ਹਾਂ ਦੀ ਸਿਹਤ ‘ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਸੀ, ਪਰ ਇਸ ਜ਼ਹਿਰ ਨੂੰ ਆਪਣੇ ਸਰੀਰ ਵਿੱਚੋਂ ਪੂਰੀ ਤਰ੍ਹਾਂ ਕੱਢਣ ਲਈ ਉਨ੍ਹਾਂ ਨੂੰ ਅੱਠ ਸਾਲ ਲੱਗ ਗਏ। ਹਨੀ ਸਿੰਘ ਨੇ ਨੌਜਵਾਨਾਂ ਨੂੰ ਕਿਹਾ, “ਇਨ੍ਹਾਂ ਨਸ਼ੀਲੇ ਪਦਾਰਥਾਂ ਦੇ ਨੇੜੇ ਵੀ ਨਾ ਜਾਓ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਲਗਭਗ ਬਰਬਾਦ ਕਰ ਦਿੱਤਾ ਸੀ।”

