ਪਟਿਆਲਾ: ਪੰਜਾਬ ਵਿੱਚ ਗਰਮੀ ਦੇ ਵਧਦੇ ਪ੍ਰਕੋਪ ਅਤੇ ਝੋਨੇ ਦੀ ਲਵਾਈ ਦੇ ਆਉਣ ਵਾਲੇ ਸੀਜ਼ਨ ਦੌਰਾਨ ਬਿਜਲੀ ਦੀ ਭਾਰੀ ਮੰਗ ਨੂੰ ਮੁੱਖ ਰੱਖਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਸੂਬੇ ਵਿੱਚ ਗਰਿੱਡ-ਕਨੈਕਟਡ ਸੋਲਰ ਫੋਟੋਵੋਲਟੇਇਕ (PV) ਪ੍ਰੋਜੈਕਟਾਂ ਤੋਂ 250 ਮੈਗਾਵਾਟ ਸੌਰ ਊਰਜਾ ਦੀ ਖਰੀਦ ਲਈ ਟੈਂਡਰ ਜਾਰੀ ਕੀਤੇ ਹਨ। ਪਾਵਰਕੌਮ ਦਾ ਇਹ ਕਦਮ ਖੇਤੀਬਾੜੀ ਸੈਕਟਰ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਅਤੇ ਰਵਾਇਤੀ ਬਿਜਲੀ ਸਰੋਤਾਂ ’ਤੇ ਬੋਝ ਘਟਾਉਣ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।
ਟੈਂਡਰ ਦੀਆਂ ਮੁੱਖ ਸ਼ਰਤਾਂ
ਜਾਰੀ ਕੀਤੇ ਗਏ ਟੈਂਡਰ ਅਨੁਸਾਰ, ਸਿਰਫ਼ ਉਹ ਪ੍ਰੋਜੈਕਟ ਹੀ ਯੋਗ ਹੋਣਗੇ ਜਿਨ੍ਹਾਂ ਦੀ ਘੱਟੋ-ਘੱਟ ਸਮਰੱਥਾ 50 ਮੈਗਾਵਾਟ ਹੋਵੇਗੀ। ਬੋਲੀਕਾਰਾਂ ਨੂੰ ਸੂਬੇ ਵਿੱਚ ਵੱਖ-ਵੱਖ ਥਾਵਾਂ ’ਤੇ ਪ੍ਰੋਜੈਕਟ ਲਗਾਉਣ ਦੀ ਖੁੱਲ੍ਹ ਦਿੱਤੀ ਗਈ ਹੈ, ਪਰ ਇੱਕ ਸਿੰਗਲ ਬੋਲੀਕਾਰ ਵੱਲੋਂ ਪੇਸ਼ ਕੀਤੀ ਗਈ ਕੁੱਲ ਸਮਰੱਥਾ 125 ਮੈਗਾਵਾਟ ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਹਿਮ ਗੱਲ ਇਹ ਹੈ ਕਿ ਸਿਰਫ਼ ਉਹ ਅੰਤਰ-ਰਾਜੀ (intra-state) ਪ੍ਰੋਜੈਕਟ ਹੀ ਇਸ ਪ੍ਰਕਿਰਿਆ ਦਾ ਹਿੱਸਾ ਬਣ ਸਕਣਗੇ ਜੋ ਸਿੱਧੇ ਤੌਰ ’ਤੇ PSPCL/PSTCL ਗਰਿੱਡ ਨਾਲ ਜੁੜੇ ਹੋਣਗੇ।
ਬੋਲੀ ਦੀ ਪ੍ਰਕਿਰਿਆ ਅਤੇ ਸਮਾਂ-ਸੀਮਾ
ਪਾਵਰਕੌਮ ਨੇ 28 ਮਈ, 2026 ਤੱਕ ਓਪਨ ਬੋਲੀਆਂ ਮੰਗੀਆਂ ਹਨ, ਜਦੋਂ ਕਿ ਤਕਨੀਕੀ-ਵਪਾਰਕ ਬੋਲੀਆਂ (Techno-commercial bids) 1 ਜੂਨ, 2026 ਨੂੰ ਖੋਲ੍ਹੀਆਂ ਜਾਣਗੀਆਂ।
ਫੀਸ: ਬੋਲੀਕਾਰਾਂ ਨੂੰ 29,500 ਰੁਪਏ ਟੈਂਡਰ ਫੀਸ ਅਤੇ 3.54 ਲੱਖ ਰੁਪਏ ਪ੍ਰੋਸੈਸਿੰਗ ਫੀਸ ਜਮ੍ਹਾਂ ਕਰਵਾਉਣੀ ਪਵੇਗੀ।
ਬਿਆਨਾ ਰਕਮ (EMD): ਹਰੇਕ ਮੈਗਾਵਾਟ ਲਈ 10 ਲੱਖ ਰੁਪਏ ਦੀ ਬਿਆਨਾ ਰਕਮ ਨਿਰਧਾਰਤ ਕੀਤੀ ਗਈ ਹੈ।
ਸਮਝੌਤਾ: ਸਫਲ ਬੋਲੀਕਾਰਾਂ ਨਾਲ ਪਾਵਰਕੌਮ ਵੱਲੋਂ 25 ਸਾਲਾਂ ਲਈ ਬਿਜਲੀ ਖਰੀਦ ਸਮਝੌਤਾ (PPA) ਕੀਤਾ ਜਾਵੇਗਾ।
ਪਾਵਰਕੌਮ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੋਜੈਕਟਾਂ ਵਿੱਚ ਵਰਤੇ ਜਾਣ ਵਾਲੇ ਸੋਲਰ ਮੋਡੀਊਲ ਅਤੇ ਸੈੱਲ ਸਿਰਫ਼ ਕੇਂਦਰੀ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (MNRE) ਦੀ ਪ੍ਰਵਾਨਿਤ ਸੂਚੀ ਵਾਲੇ ਨਿਰਮਾਤਾਵਾਂ ਤੋਂ ਹੀ ਲਏ ਜਾਣੇ ਚਾਹੀਦੇ ਹਨ। ਮਾਹਿਰਾਂ ਅਨੁਸਾਰ, ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਖਪਤ ਸਿਖਰਾਂ ’ਤੇ ਪਹੁੰਚ ਜਾਂਦੀ ਹੈ, ਅਜਿਹੇ ਵਿੱਚ ਇਹ 250 ਮੈਗਾਵਾਟ ਵਾਧੂ ਸੌਰ ਊਰਜਾ ਸੂਬੇ ਦੇ ਬਿਜਲੀ ਸਪਲਾਈ ਸਿਸਟਮ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ।

