ਨਵੀਂ ਦਿੱਲੀ: ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਤਿੰਨ-ਤਿੰਨ ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਚਾਰ ਸਾਲਾਂ ਤੋਂ ਵੱਧ ਸਮੇਂ ਮਗਰੋਂ ਇਨ੍ਹਾਂ ਕੀਮਤਾਂ ਵਿੱਚ ਇਹ ਪਹਿਲਾ ਵੱਡਾ ਵਾਧਾ ਹੈ। ਇਸ ਦੇ ਨਾਲ ਹੀ ਦਿੱਲੀ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਸੀ ਐੱਨ ਜੀ ਦੀਆਂ ਕੀਮਤਾਂ ’ਚ ਵੀ ਦੋ ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਸਰਕਾਰੀ ਤੇਲ ਕੰਪਨੀਆਂ ਅਨੁਸਾਰ ਇਰਾਨ ਜੰਗ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਏ ਉਛਾਲ ਕਾਰਨ ਇਹ ਫ਼ੈਸਲਾ ਕੀਤਾ ਗਿਆ ਹੈ। ਕੌਮੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ 94.77 ਰੁਪਏ ਤੋਂ ਵਧ ਕੇ 97.77 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 87.67 ਰੁਪਏ ਤੋਂ 90.67 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਟੈਕਸਾਂ ਵਿੱਚ ਫ਼ਰਕ ਕਾਰਨ ਵੱਖ-ਵੱਖ ਸੂਬਿਆਂ ਵਿੱਚ ਕੀਮਤਾਂ ਵੱਖੋ-ਵੱਖਰੀਆਂ ਹਨ। ਫ਼ਿਲਹਾਲ ਘਰੇਲੂ ਰਸੋਈ ਗੈਸ (ਐੱਲ ਪੀ ਜੀ) ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।
ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਫਰਵਰੀ ਤੋਂ ਬਾਅਦ 50 ਫ਼ੀਸਦੀ ਤੱਕ ਵਧ ਚੁੱਕੀਆਂ ਹਨ, ਜਿਸ ਦਾ ਮੁੱਖ ਕਾਰਨ ਇਰਾਨ ਅਤੇ ਇਜ਼ਰਾਈਲ ਵਿਚਾਲੇ ਵਧਿਆ ਤਣਾਅ ਹੈ; ਹਾਲਾਂਕਿ ਵਿਰੋਧੀ ਧਿਰਾਂ ਇਸ ਵਾਧੇ ਨੂੰ ਸਿਆਸਤ ਨਾਲ ਜੋੜ ਕੇ ਦੇਖ ਰਹੀਆਂ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੰਜ ਸੂਬਿਆਂ ਦੀਆਂ ਚੋਣਾਂ ਕਾਰਨ ਕੀਮਤਾਂ ’ਚ ਵਾਧਾ ਨਹੀਂ ਕੀਤਾ ਗਿਆ ਸੀ ਅਤੇ ਹੁਣ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਲੋਕਾਂ ’ਤੇ ਬੋਝ ਪਾਇਆ ਗਿਆ ਹੈ। ਮੌਜੂਦਾ ਵਾਧੇ ਨਾਲ ਤੇਲ ਦੀਆਂ ਕੀਮਤਾਂ ਮਈ 2022 ਤੋਂ ਬਾਅਦ ਦੇ ਉੱਚ ਪੱਧਰ ’ਤੇ ਪਹੁੰਚ ਗਈਆਂ ਹਨ। ਇਸ ਮਹਿੰਗਾਈ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ ਵਿੱਚ ਢੋਆ-ਢੋਆਈ ਅਤੇ ਹੋਰ ਵਸਤਾਂ ਦੀਆਂ ਕੀਮਤਾਂ ’ਤੇ ਪਵੇਗਾ, ਜਿਸ ਨਾਲ ਪਰਚੂਨ ਮਹਿੰਗਾਈ ਦਰ ਵਿੱਚ ਹੋਰ ਵਾਧਾ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਤੇਲ ਕੰਪਨੀਆਂ ਨੂੰ ਹਾਲੇ ਵੀ ਪੈਟਰੋਲ ’ਤੇ 11 ਰੁਪਏ ਅਤੇ ਡੀਜ਼ਲ ’ਤੇ 39 ਰੁਪਏ ਪ੍ਰਤੀ ਲਿਟਰ ਦਾ ਨੁਕਸਾਨ ਹੋ ਰਿਹਾ ਹੈ।
ਸਰਕਾਰ ਦੀ ਨਾਕਾਮੀ ਕਾਰਨ ਆਰਥਿਕ ਸੰਕਟ ਪੈਦਾ ਹੋਇਆ: ਖੜਗੇ
ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤਿੰਨ-ਤਿੰਨ ਰੁਪਏ ਦੇ ਵਾਧੇ ਮਗਰੋਂ ਕਾਂਗਰਸ ਨੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ ਆਰਥਿਕ ਸੰਕਟ ਲੀਡਰਸ਼ਿਪ ਅਤੇ ਦੂਰਅੰਦੇਸ਼ ਸੋਚ ਦੀ ਘਾਟ ਅਤੇ ਸਰਕਾਰ ਦੀ ਨਾਕਾਮੀ ਕਾਰਨ ਪੈਦਾ ਹੋਇਆ ਹੈ। ਚੋਣਾਂ ਦੌਰਾਨ ਸਰਕਾਰ ਨੇ ਸਭ ਕੁਝ ਠੀਕ ਹੋਣ ਦਾ ਦਾਅਵਾ ਕੀਤਾ ਸੀ, ਪਰ ਨਤੀਜੇ ਆਉਣ ਮਗਰੋਂ ਆਮ ਲੋਕਾਂ ਦੀਆਂ ਜੇਬਾਂ ’ਤੇ ਡਾਕਾ ਮਾਰਿਆ ਗਿਆ ਹੈ। ਰੂਸੀ ਤੇਲ ਦੀ ਖ਼ਰੀਦ ਲਈ ਅਮਰੀਕਾ ਤੋਂ ‘ਇਜਾਜ਼ਤ’ ਮੰਗਣਾ ਦੇਸ਼ ਦੀ ਪ੍ਰਭੂਸੱਤਾ ਲਈ ਨਮੋਸ਼ੀ ਵਾਲੀ ਗੱਲ ਹੈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਦੀਆਂ ਗ਼ਲਤੀਆਂ ਦਾ ਬੋਝ ਚੁੱਕਣਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਤਿੰਨ ਰੁਪਏ ਦਾ ਵਾਧਾ ਸਿਰਫ਼ ਸ਼ੁਰੂਆਤ ਹੈ ਅਤੇ ਬਾਕੀ ਦੀ ਵਸੂਲੀ ਸਰਕਾਰ ਕਿਸ਼ਤਾਂ ਵਿੱਚ ਕਰੇਗੀ। ਉਨ੍ਹਾਂ ਜੰਗ ਦੇ ਬਹਾਨੇ ਤੇਲ ਬਚਾਉਣ ਅਤੇ ਘਰੋਂ ਕੰਮ ਕਰਨ ਵਰਗੇ ਸਰਕਾਰੀ ਸੁਝਾਵਾਂ ਨੂੰ ਸਰਕਾਰ ਦੀ ਆਪਣੀ ਨਾਕਾਮੀ ਲੁਕਾਉਣ ਦੀ ਕੋਸ਼ਿਸ਼ ਦੱਸਿਆ।
ਕੀਮਤਾਂ ’ਚ ਵਾਧੇ ਨਾਲ ਵਿਕਰੇਤਾਵਾਂ ਨੂੰ ਆਰਜ਼ੀ ਰਾਹਤ
ਨਵੀਂ ਦਿੱਲੀ: ਵਿਸ਼ਲੇਸ਼ਕਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3 ਰੁਪਏ ਫ਼ੀ ਲਿਟਰ ਦੇ ਵਾਧੇ ਨਾਲ ਸਰਕਾਰੀ ਤੇਲ ਵਿਕਰੇਤਾਵਾਂ ਨੂੰ ਆਰਜ਼ੀ ਰਾਹਤ ਮਿਲੇਗੀ। ਇਸ ਨਾਲ ਮਹਿੰਗਾਈ ’ਤੇ ਮਾਮੂਲੀ ਦਬਾਅ ਵਧੇਗਾ, ਪਰ ਇਹ ਵਾਧਾ ਕੱਚੇ ਤੇਲ ਦੀਆਂ ਕੀਮਤਾਂ ਦੇ ਸ਼ੂਟ ਵੱਟਣ ਕਰ ਕੇ ਹੋ ਰਹੇ ਨੁਕਸਾਨ ਨੂੰ ਪੂਰਾ ਕਰਨ ਵਿੱਚ ਬਹੁਤ ਘੱਟ ਮਦਦਗਾਰ ਹੋਵੇਗਾ। ਸੀਨੀਅਰ ਅਰਥਸ਼ਾਸਤਰੀ ਤੇ ਡੀ ਬੀ ਐੱਸ ਬੈਂਕ ’ਚ ਕਾਰਜਕਾਰੀ ਡਾਇਰੈਕਟਰ ਰਾਧਿਕਾ ਰਾਓ ਨੇ ਕਿਹਾ ਕਿ ਤੇਲ ਕੀਮਤਾਂ ’ਚ ਵਾਧੇ ਦੀ ਲੰਮੇ ਸਮੇਂ ਤੋਂ ਉਡੀਕ ਸੀ। ਉਨ੍ਹਾਂ ਕਿਹਾ ਕਿ ਤੇਲ ਕੀਮਤਾਂ ਵਧਣ ਨਾਲ ਈਂਧਣ ਦੀ ਮੰਗ ਤੇ ਦਰਾਮਦਾਂ ਉੱਤੇ ਬੋਝ ਘਟਣ ਦੀ ਸੰਭਾਵਨਾ ਹੈ ਜਦੋਂਕਿ ਮਹਿੰਗਾਈ 15 ਤੋਂ 25 ਆਧਾਰ ਅੰਕ ਵਧ ਸਕਦੀ ਹੈ।
ਖੱਬੇ ਪੱਖੀਆਂ ਵੱਲੋਂ ਤੇਲ ਕੀਮਤਾਂ ’ਚ ਵਾਧੇ ਦਾ ਵਿਰੋਧ
ਨਵੀਂ ਦਿੱਲੀ: ਖੱਬੇ ਪੱਖੀ ਪਾਰਟੀਆਂ ਨੇ ਪੈਟਰੋਲ, ਡੀਜ਼ਲ ਅਤੇ ਸੀ ਐੱਨ ਜੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਖ਼ਤ ਵਿਰੋਧ ਕੀਤਾ ਹੈ। ਸੀ ਪੀ ਐੱਮ ਨੇ ਇਸ ਫ਼ੈਸਲੇ ਨੂੰ ਆਮ ਲੋਕਾਂ ’ਤੇ ਆਰਥਿਕ ਬੋਝ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕੱਚਾ ਤੇਲ ਸਸਤਾ ਸੀ ਤਾਂ ਇਨ੍ਹਾਂ ਕੰਪਨੀਆਂ ਨੇ ਭਾਰੀ ਮੁਨਾਫ਼ਾ ਕਮਾਇਆ। ਹੁਣ ਕੱਚੇ ਤੇਲ ਵਿੱਚ ਉਛਾਲ ਆਉਣ ’ਤੇ ਇਸ ਦਾ ਬੋਝ ਆਮ ਲੋਕਾਂ ’ਤੇ ਕਿਉਂ ਪਾਇਆ ਜਾ ਰਿਹਾ ਹੈ। ਉਨ੍ਹਾਂ ਆਪਣੀਆਂ ਸਾਰੀਆਂ ਇਕਾਈਆਂ ਨੂੰ ਇਸ ਖ਼ਿਲਾਫ਼ ਮੁਜ਼ਾਹਰੇ ਕਰਨ ਦਾ ਸੱਦਾ ਵੀ ਦਿੱਤਾ।
ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਦੋਸ਼ ਲਾਇਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਰਾਖੀ ਕਰ ਰਹੀ ਹੈ। ਸੀ ਪੀ ਐੱਮ ਐੱਲ ਲਿਬਰੇਸ਼ਨ ਨੇ ਵੀ ਇਸ ਵਾਧੇ ਨੂੰ ਸਰਕਾਰ ਦੀਆਂ ਆਰਥਿਕ ਅਤੇ ਵਿਦੇਸ਼ ਨੀਤੀਆਂ ਦੀ ਨਾਕਾਮੀ ਦੱਸਦਿਆਂ ਕਿਹਾ ਕਿ ਇਸ ਦਾ ਖ਼ਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈ ਰਿਹਾ ਹੈ।
ਭਾਰਤ ’ਚ ਤੇਲ ਕੀਮਤਾਂ ਸਿਰਫ਼ 3 ਫ਼ੀਸਦ ਵਧੀਆਂ: ਭਾਜਪਾ
ਨਵੀਂ ਦਿੱਲੀ: ਭਾਜਪਾ ਨੇ ਤੇਲ ਕੀਮਤਾਂ ਵਿੱਚ ਵਾਧੇ ਦਾ ਬਚਾਅ ਕਰਦਿਆਂ ਦਾਅਵਾ ਕੀਤਾ ਕਿ ਭਾਰਤ ਆਪਣੇ ਨਾਗਰਿਕਾਂ ਨੂੰ ਪਿਛਲੇ ਦੋ ਮਹੀਨਿਆਂ ਵੀ ਵੱਧ ਸਮੇਂ ਤੋਂ ਆਲਮੀ ਪੱਧਰ ’ਤੇ ਤੇਲ ਕੀਮਤਾਂ ਵਿੱਚ ਆਈ ਤੇਜ਼ੀ ਦੇ ਅਸਰ ਤੋਂ ਬਚਾਉਣ ਵਿੱਚ ਸਫਲ ਰਿਹਾ ਹੈ। ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਭਾਰਤ ਉਨ੍ਹਾਂ ਕੁਝ ਪ੍ਰਮੁੱਖ ਅਰਥਚਾਰਿਆਂ ’ਚੋਂ ਇੱਕ ਹੈ ਜਿਸ ਨੇ ਤੇਲ ਕੀਮਤਾਂ (ਪੈਟਰੋਲ ਵਿੱਚ 3.2 ਫ਼ੀਸਦ ਤੇ ਡੀਜ਼ਲ ਵਿੱਚ 3.4 ਫ਼ੀਸਦ) ਵਿੱਚ ਸਭ ਤੋਂ ਘੱਟ ਵਾਧਾ ਦਰਜ ਕੀਤਾ ਹੈ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਭਾਰਤ ਦੀਆਂ ਜਨਤਕ ਖੇਤਰ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ, ਜੋ ਕਿ ਪਰਚੂਨ ਈਂਧਣ ਬਾਜ਼ਾਰ ਦਾ ਕਰੀਬ 90 ਫ਼ੀਸਦ ਬਣਦੀਆਂ ਹਨ, ਨੇ ਪੱਛਮੀ ਏਸ਼ੀਆ ਸੰਕਟ ਵਧਣ ਮਗਰੋਂ 76 ਦਿਨਾਂ ਤੱਕ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਬੋਝ ਝੱਲਿਆ ਹੈ।

